ਵਿਧਾਇਕ ਰੰਧਾਵਾ ਨੇ ਇਲਾਕਾ ਨਿਵਾਸੀਆਂ ਦੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਹਫ਼ਤੇ ਵਿੱਚ ਇੱਕ ਵਾਰ ਨਗਰ ਕੌਂਸਲ ਲਾਲੜੂ 'ਚ ਸ਼ਿਕਾਇਤਾਂ ਸੁਣਾਂਗੇ : ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਦਸੰਬਰ 2024: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਨਗਰ ਕੌਂਸਲ ਦੇ ਸ਼ਿਕਾਇਤਾਂ ਕੇਂਦਰ ਵਿੱਚ ਬੈਠ ਕੇ ਲਾਲੜੂ ਖੇਤਰ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਇਹ ਪਹਿਲਕਦਮੀ ਵਿਧਾਇਕ ਰੰਧਾਵਾ ਦੀ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਆਵਾਜ਼ ਸੁਣਨ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦਾ ਹਿੱਸਾ ਹੈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਉਹ ਡੇਰਾਬੱਸੀ ਹਲਕੇ ਦੇ ਪਿੰਡਾਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਸੁਣਨ ਲਈ ਹਫ਼ਤੇ ਵਿੱਚ ਇੱਕ ਵਾਰ ਸ਼ਿਕਾਇਤਾਂ ਕੇਂਦਰ ਵਿੱਚ ਬੈਠਿਆਂ ਕਰਨਗੇ, ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਉਨ੍ਹਾਂ ਲੋਕਾਂ ਤੱਕ ਪਹੁੰਚ ਵਿੱਚ ਰਹਿਣ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਸਰਗਰਮੀ ਨਾਲ ਕੰਮ ਕਰਨਾ ਹੈ।
ਵਿਧਾਇਕ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ,ਜਿਸ ਵਿੱਚ ਸੜਕਾਂ, ਨਾਲੀਆਂ, ਪੈਨਸ਼ਨਾਂ, ਰਾਸ਼ਨ ਕਾਰਡ, ਪਾਣੀ ਅਤੇ ਬਿਜਲੀ ਤੋਂ ਲੈ ਕੇ ਬੁਨਿਆਦੀ ਢਾਂਚਾ ਅਤੇ ਸਿਹਤ ਸਹੂਲਤਾਂ ਬਾਰੇ ਚਿੰਤਾਵਾਂ ਸ਼ਾਮਿਲ ਸਨ, ਵਿਧਾਇਕ ਨੇ ਨਗਰ ਕੌਂਸਲ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਹੱਲ ਲੱਭਿਆ। ਇਲਾਕਾ ਨਿਵਾਸੀਆਂ ਨੇ ਵਿਧਾਇਕ ਰੰਧਾਵਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਤੁਰੰਤ ਕਾਰਵਾਈ ਲਈ ਧੰਨਵਾਦ ਪ੍ਰਗਟਾਇਆ। ਸ਼ਿਕਾਇਤਾਂ ਕੇਂਦਰ ਵਿਖੇ ਵਿਧਾਇਕ ਰੰਧਾਵਾ ਦੀ ਮੌਜੂਦਗੀ ਨੇ ਨਾ ਸਿਰਫ਼ ਵਸਨੀਕਾਂ ਨੂੰ ਰਾਹਤ ਪ੍ਰਦਾਨ ਕੀਤੀ ਬਲਕਿ ਸਰਕਾਰ ਅਤੇ ਲੋਕਾਂ ਵਿਚਕਾਰ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।