ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਪੌਦੇ ਲਗਾਏ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਪੌਦੇ ਵੰਡੇ ਗਏ
ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੇ ਚੌਗਿਰਦੇ ਨੂੰ ਹਰਾ-ਭਰਾ ਬਣਾਉਣਾ ਦਾ ਸੱਦਾ ਦਿੱਤਾ
ਰੋਹਿਤ ਗੁਪਤਾ
ਗੁਰਦਾਸਪੁਰ, 23 ਦਸੰਬਰ- ਭਾਰਤੀ ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ `ਤੇ ਤਿੱਬੜੀ ਮਿਲਟਰੀ ਸਟੇਸ਼ਨ ਨਾਲ ਲੱਗਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਅੱਜ ਸੇਂਟ ਕਬੀਰ ਪਬਲਿਕ ਸਕੂਲ ਅਤੇ ਪਿੰਡ ਸੁਲਤਾਨਪੁਰ ਵਿਖੇ ਪੌਦੇ ਲਗਾਏ ਗਏ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਸੁਲਤਾਨਪੁਰ ਦੇ ਲੋਕਾਂ ਨੂੰ ਮੁਫ਼ਤ ਪੌਦੇ ਵੀ ਵੰਡੇ ਗਏ। ਇਸ ਪ੍ਰੋਗਰਾਮ ਵਿੱਚ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰੀ।
ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ ਵਿਖੇ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਕਰਵਾਏ ਇਸ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀ ਆਲਮੀ ਤਪਸ਼ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਚੌਗਿਰਦੇ ਨੂੰ ਹਰ-ਭਰਾ ਬਣਾਉਣ ਲਈ ਅੱਗੇ ਆਉਣ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਨ। ਉਨ੍ਹਾਂ ਕਿਹਾ ਕਿ ਆਪਣੇ ਚੌਗਿਰਦੇ ਦੀ ਸੰਭਾਲ ਕਰਨਾ ਹਰ ਇਨਸਾਨ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੌਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ।
ਭਾਰਤੀ ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ `ਤੇ ਤਿੱਬੜੀ ਮਿਲਟਰੀ ਸਟੇਸ਼ਨ ਦੇ 5 ਕਿੱਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਕਲੀਨ ਐਂਡ ਗਰੀਨ ਮੁਹਿੰਮ ਬਾਰੇ ਗੱਲ ਕਰਦਿਆਂ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮੁਹਿੰਮ ਲਈ ਫ਼ੌਜ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਬਖ਼ਸ਼ੀਸ਼ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ ਢੀਂਗਰਾ, ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਅਤੇ ਇਲਾਕੇ ਦੇ ਮੁਹਤਬਰ ਹਾਜ਼ਰ ਸਨ।