ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਦਾ ਸ਼ਰਧਾਂਜਲੀ ਸਮਾਗਮ 26 ਦਸੰਬਰ ਨੂੰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਦਸੰਬਰ ,2024 ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਵਲੋਂ ਪਾਰਟੀ ਦੇ ਆਗੂ ਅਤੇ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਦਾ ਸ਼ਰਧਾਂਜਲੀ ਸਮਾਗਮ 26 ਦਸੰਬਰ ਨੂੰ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਪਿੰਡ ਸ਼ਹਾਬ ਪੁਰ(ਨਵਾਂਸ਼ਹਿਰ) ਵਿਖੇ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂਆਂ ਦਲਜੀਤ ਸਿੰਘ ਐਡਵੋਕੇਟ ਅਤੇ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ 20 ਦਸੰਬਰ ਨੂੰ ਬੀਬੀ ਸੰਘਾ ਦਾ ਦੇਹਾਂਤ ਹੋ ਗਿਆ ਸੀ।ਉਹਨਾਂ ਕਿਹਾ ਕਿ ਮਿਹਨਤਕਸ਼ ਵਰਗ ਲਈ ਬੀਬੀ ਸੰਘਾ ਦੀ ਦਿੱਤੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਹਨਾਂ ਨੇ ਆਪਣੀ ਉਮਰ ਦੇ 32 ਸਾਲ ਕਿਸਾਨਾਂ, ਮਜਦੂਰਾਂ ਅਤੇ ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਕਰਦਿਆਂ ਬਿਤਾਏ।ਉਹਨਾਂ ਕਿਹਾ ਕਿ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਬੀਬੀ ਸੰਘਾ ਨੂੰ ਸ਼ਰਧਾਂਜਲੀਆਂ ਅਰਪਿਤ ਕਰਨਗੇ।
ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸੂਬਾਈ ਸਕੱਤਰ ਅਮਨਦੀਪ ਕੌਰ ਦਿਓਲ ਨੇ ਕਿਹਾ ਕਿ ਬੀਬੀ ਸੰਘਾ ਨੇ ਔਰਤ ਵਰਗ ਦੇ ਕਈ ਘੋਲਾਂ ਦੀ ਅਗਵਾਈ ਕੀਤੀ।ਉਹ ਸਾਰੇ ਵਰਗਾਂ ਦੇ ਦੱਬੇ-ਕੁਚਲੇ ਅਤੇ ਸ਼ੋਸ਼ਿਤਾਂ ਦੇ ਹੱਕਾਂ ਅਤੇ ਲਿੰਗ ਦੀ ਬਰਾਬਰੀ ਲਈ ਇੱਕ ਨਿਡਰ ਲੜਾਕੂ ਸੀ। ਉਸਨੇ ਨਿਡਰਤਾ ਨਾਲ ਜਮਾਤੀ ਸੰਘਰਸ਼ਾਂ ਅਤੇ ਜਮਾਤੀ ਸੰਗਠਨਾਂ ਵਿੱਚ ਨੇਤਾਵਾਂ ਅਤੇ ਕਾਰਕੁਨਾਂ ਵਜੋਂ ਵੱਖ-ਵੱਖ ਸੰਘਰਸ਼ਾਂ ਵਿੱਚ ਹਿੱਸਾ ਲੈਣ ਅਤੇ ਔਰਤਾਂ ਦੇ ਬਰਾਬਰ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ।