ਭਾਗੂ ਰੋਡ ਸੜਕ ਚੌੜੀ ਕਰਨ ਖਿਲਾਫ ਇਕੱਠੀਆਂ ਕੀਤੀਆਂ ਦੁਕਾਨਦਾਰਾਂ ਨੇ ਦੁਕਾਨਾਂ ਦੀਆਂ ਚਾਬੀਆਂ
ਅਸ਼ੋਕ ਵਰਮਾ
ਬਠਿੰਡਾ, 23 ਦਸੰਬਰ2024:ਸਥਾਨਕ ਭਾਗੂ ਰੋਡ ਤੇ ਸੜਕ ਚੌੜੀ ਕਰਨ ਦੀ ਯੋਜਨਾ ਤੋਂ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੇ ਦੁਕਾਨਦਾਰ ਤੇ ਮਕਾਨ ਮਾਲਕ ਐਸੋਸੀਏਸ਼ਨ ਬਠਿੰਡਾ ਦੇ ਝੰਡੇ ਹੇਠ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਅੱਜ ਇਨ੍ਹਾਂ ਲੋਕਾਂ ਵੱਲੋਂ ਦੁਕਾਨਾਂ ਦੀਆਂ ਚਾਬੀਆਂ ਇੱਕਠੀਆਂ ਕਰਕੇ ਸੜਕ ਜਾਮ ਕੀਤੀ ਗਈ ਅਤੇ ਨਗਰ ਨਿਗਮ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ।
ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਅਤੇ ਡਾ.ਹਰਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਭਾਗੂ ਰੋਡ ਨੂੰ ਚੌੜੀ ਕੀਤਾ ਜਾ ਰਿਹਾ ਹੈ ਪਰ ਇਸ ਸੜਕ ਨੂੰ ਚੌੜੀ ਕਰਨ ਲਈ ਦੁਕਾਨਦਾਰਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਹੁਣ ਸੜਕ ਕਰਨ ਦੇ ਨਾਂਅ ਹੇਠ ਦੁਕਾਨਦਾਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਾ ਕੇ ਚਾਬੀਆਂ ਇੱਕਠੀ ਕਰਕੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਬਰਬਾਦ ਹੀ ਕਰਨਾ ਹੈ ਤਾਂ ਉਹ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਨੂੰ ਸੌਂਪ ਦਿੰਦੇ ਹਨ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਆਵਾਜਾਈ ਨੂੰ ਸਹੀ ਰੱਖਣ ਦੇ ਨਾਮ ਹੇਠ ਹੀ ਸੜਕ ਚੌੜੀ ਕਰ ਰਿਹਾ ਹੈ ਜਦੋਂਕਿ ਇਸ ਸੜਕ ਤੇ ਕਦੇ ਜਾਮ ਆਦਿ ਵਰਗੀ ਕਦੇ ਵੀ ਕੋਈ ਸਥਿਤੀ ਪੈਦਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਰਿੰਗ ਰੋਡ ਚਾਲੂ ਹੋਣ ਕਰਕੇ ਇਸ ਸੜਕ ’ਤੇ ਆਵਾਜਾਈ ਪਹਿਲਾਂ ਨਾਲੋਂ ਵੀ ਘਟ ਜਾਵੇਗੀ। ਡਾ. ਕੁਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਪਰ ਅਧਿਕਾਰੀਆਂ ਨੇ ਅਜੇ ਤੱਕ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਿਸ ਦੇ ਵਿਰੋਧ ਵਿੱਚ ਉਨ੍ਹਾਂ ਦਾ ਸੰਘਰਸ਼ ਜਾਰੀ ਹੈ।