ਪ੍ਰਸਿੱਧ ਸਾਹਿਤਕਾਰ ਕਿਰਪਾਲ ਕਜ਼ਾਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂਬਰੂ
ਅੰਮ੍ਰਿਤਸਰ, 23 ਦਸੰਬਰ 2024: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਲੇਖਕ ਅਤੇ ਖੋਜੀ ਪ੍ਰੋ. ਕਿਰਪਾਲ ਕਜ਼ਾਕ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਇਤਿਹਾਸਕਾਰ ਡਾ.ਰਾਜਕੁਮਾਰ ਹੰਸ ( ਸਾਬਕਾ ਪ੍ਰੋਫ਼ੈਸਰ ਅਤੇ ਮੁਖੀ, ਇਤਿਹਾਸ ਵਿਭਾਗ,ਮਹਾਰਾਜਾ ਸੀਆ ਜੀ ਰਾਓ ਯੂਨੀਵਰਸਿਟੀ, ਬੜੋਦਾ, ਗੁਜਰਾਤ) ਨੇ ਕੀਤੀ । ਆਰੰਭ ਵਿੱਚ ਡਾ. ਮਨਜਿੰਦਰ ਸਿੰਘ ਨੇ ਕਿਰਪਾਲ ਕਜ਼ਾਕ ਅਤੇ ਸ੍ਰੀ ਰਾਜਕੁਮਾਰ ਹੰਸ ਨੂੰ ਪੌਦਾ ਭੇਟ ਕਰਕੇ ਉਹਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਉੱਤੇ ਪ੍ਰੋ.ਕਿਰਪਾਲ ਕਜ਼ਾਕ ਦੇ ਸਾਹਿਤਕ ਯੋਗਦਾਨ ਸੰਬੰਧੀ ਵਿਸਤ੍ਰਿਤ ਸੂਚਨਾ ਪ੍ਰਦਾਨ ਕਰਦਾ ਸਾਹਿਤ ਅਕਾਦੇਮੀ ਵੱਲੋਂ ਪ੍ਰਕਾਸ਼ਿਤ ਬਰੋਸ਼ਰ ਵੀ ਰਿਲੀਜ਼ ਕੀਤਾ ਗਿਆ।
ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਪੂਰੇ ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਪ੍ਰਮੁੱਖ ਲੇਖਕਾਂ ਨਾਲ ਰੂਬਰੂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਹ ਸਮਾਗਮ ਵੀ ਉਸੇ ਲੜੀ ਦਾ ਹੀ ਇੱਕ ਹਿੱਸਾ ਹੈ। ਉਹਨਾਂ ਆਏ ਹੋਏ ਲੇਖਕ ਦੀ ਸਿਰਜਣਾਤਮਕ ਸ਼ਖ਼ਸੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿਰਪਾਲ ਕਜ਼ਾਕ ਜ਼ਿਹਨ ਵਿੱਚੋਂ ਰੂਹ ਤੱਕ ਅਪੜਨ ਵਾਲੇ ਅਦੀਬ ਹਨ। ਉਹਨਾਂ ਵਿੱਚ ਬੱਚਿਆਂ ਵਰਗੀ ਵਿਸਮਾਦ ਦੀ ਅਵਸਥਾ ਅਜੇ ਵੀ ਜਾਗ੍ਰਿਤ ਹੈ। ਉਹਨਾਂ ਦੇ ਖੋਜ-ਕਾਰਜ ਨੌਜਵਾਨ ਖੋਜਾਰਥੀਆਂ ਲਈ ਪ੍ਰੇਰਨਾਸ੍ਰੋਤ ਅਤੇ ਮੁੱਲਵਾਨ ਦਿਸ਼ਾ-ਨਿਰਦੇਸ਼ ਹਨ। ਉਹਨਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਰਾਜਕੁਮਾਰ ਹੰਸ ਬਾਰੇ ਕਿਹਾ ਕਿ ਉਹ ਦਲਿਤ ਚੇਤਨਾ ਨਾਲ ਜੁੜੇ ਅਜਿਹੇ ਵੱਡੇ ਚਿੰਤਕ ਹਨ ਜਿਹੜੇ ਇਤਿਹਾਸ ਦੇ ਮਾਹਿਰ ਹੋਣ ਦੇ ਨਾਲ-ਨਾਲ ਸਾਹਿਤ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਡਾ. ਸਰਬਜਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜੋ ਸਮੇਂ ਸਮੇਂ ਉੱਤੇ ਸੁਚੱਜੀ ਅਗਵਾਈ ਪ੍ਰਦਾਨ ਕਰਦੇ ਰਹੇ ਹਨ। ਇਸ ਤੋਂ ਬਾਅਦ ਸ੍ਰੀ ਕਿਰਪਾਲ ਕਜ਼ਾਕ ਨੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਰੂਬਰੂ ਪ੍ਰੋਗਰਾਮ ਦਾ ਚਰਿੱਤਰ ਸੰਬਾਦਕ ਹੋਣਾ ਚਾਹੀਦਾ ਹੈ। ਇਸ ਵਿੱਚ ਲੇਖਕ ਆਪਣੇ ਜੀਵਨ ਦੇ ਕਾਲੇ ਦੌਰ ਉੱਤੇ ਸਾਹਿਤ ਦੇ ਮਾਧਿਅਮ ਰਾਹੀਂ ਕਿਵੇਂ ਜਿੱਤ ਹਾਸਲ ਕਰਦਾ ਹੈ, ਇਸ ਦਾ ਜ਼ਿਕਰ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਦਾ ਦਰਜਾ ਸਰਵਉਚੱ ਹੈ। ਛੋਟੀ ਉਮਰੇ ਹੀ ਉਹਨਾਂ ਦੇ ਪ੍ਰਥਮ ਗੁਰੂ, ਜੋ ਕਿ ਉਹਨਾਂ ਦੇ ਪਿਤਾ ਜੀ ਸਨ, ਨੇ ਹੀ ਵਿਸ਼ਵ ਦੇ ਸ਼ਾਹਕਾਰ ਸਾਹਿਤ ਨਾਲ ਉਹਨਾਂ ਦੀ ਜਾਣ-ਪਛਾਣ ਕਰਵਾਈ । ਉਹਨਾਂ ਕਿਹਾ ਕਿ ਸਵੈ-ਨਿਰਭਰਤਾ, ਅੰਤਰ ਅਨੁਸ਼ਾਸਨੀ ਅਧਿਐਨ, ਅਤੇ ਕਮਜ਼ੋਰੀ ਨੂੰ ਸ਼ਕਤੀ ਵਿੱਚ ਤਬਦੀਲ ਕਰਨ ਦੀ ਮੁਹਾਰਤ ਵਰਗੇ ਗੁਣ ਵੀ ਉਹਨਾਂ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਪ੍ਰਾਪਤ ਹੋਏ । ਉਹਨਾਂ ਪੁੰਗਰਦੇ ਲੇਖਕਾਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਸਮੇਂ ਦੇ ਨਾਲ ਲੇਖਕ ਦੀ ਚੇਤਨਾ ਦਾ ਵਿਕਸਿਤ ਹੋਣਾ ਵੀ ਬੜਾ ਜ਼ਰੂਰੀ ਹੈ। ਉਹਨਾਂ ਨੇ ਭਾਰਤ ਦੇ 22 ਕਬੀਲਿਆਂ ਦੇ ਖੇਤਰੀ ਖੋਜ-ਕਾਰਜ ਬਾਰੇ ਵੀ ਸਰੋਤਿਆਂ ਨੂੰ ਦਿਲਚਸਪ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਬਾਅਦ ਡਾ. ਸਰਬਜਿੰਦਰ ਸਿੰਘ ਨੇ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪੰਜਾਬੀ ਵਿਭਾਗ ਵਰਤਮਾਨ ਸਮੇਂ ਵਿੱਚ ਸੰਬਾਦ ਦਾ ਆਪਣਾ ਫ਼ਰਜ਼ ਬਾਖ਼ੂਬੀ ਨਿਭਾ ਰਿਹਾ ਹੈ। ਸਮਾਗਮ ਦੇ ਅਗਲੇ ਪੜਾਅ ਵਿੱਚ ਡਾ. ਰਾਜਕੁਮਾਰ ਹੰਸ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਕਜ਼ਾਕ ਸਾਹਿਬ ਕੇਵਲ ਸ਼ਬਦਾਂ ਦਾ ਹੀ ਨਹੀਂ ਬਲਕਿ ਦਾਰਸ਼ਨਿਕ ਸੰਕਲਪਾਂ ਦਾ ਵੀ ਭੰਡਾਰ ਹਨ। ਉਹਨਾਂ ਦੁਆਰਾ ਪ੍ਰਦਾਨ ਕੀਤਾ ਵਿਿਭੰਨ ਵਰਤਾਰਿਆਂ ਨੂੰ ਸਮਝਣ ਦਾ ਸੰਦਰਭ ਉਹਨਾਂ ਦੀ ਡੂੰਘੀ ਅਕਾਦਮਿਕ ਸਾਧਨਾ ਦਾ ਪ੍ਰਤੱਖ ਪ੍ਰਮਾਣ ਹੈ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ. ਰਾਜਵਿੰਦਰ ਕੌਰ ਨੇ ਬਾਖ਼ੂਬੀ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਬਲਜੀਤ ਕੌਰ ਰਿਆੜ ਨੇ ਆਏ ਹੋਏ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਪਵਨ ਕੁਮਾਰ,ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ, ਡਾ.ਪ੍ਰਭਜੀਤ ਕੌਰ ਡਾ. ਸੁਖਪ੍ਰੀਤ ਕੌਰ, ਰਵਿੰਦਰ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਸ੍ਰੀ ਬਖ਼ਤਾਵਰ ਸਿੰਘ (ਪੀ.ਸੀ.ਐੱਸ) ਡਾ. ਰਾਜੇਸ਼ ਕੁਮਾਰ (ਮੁਖੀ,ਸੰਗੀਤ ਵਿਭਾਗ), ਹਸਨ ਰੇਹਾਨ (ਉਰਦੂ ਵਿਭਾਗ), ਡਾ. ਮਨੂੰ ਸ਼ਰਮਾ ( ਮੁਖੀ, ਇਤਿਹਾਸ ਵਿਭਾਗ),ਨਾਵਲਕਾਰ ਰਘਬੀਰ ਸਿੰਘ ਮਾਨ, ਰਿਪੁਦਮਨ ਸਿੰਘ (ਮੁਖੀ, ਭੂਗੋਲ ਵਿਭਾਗ,ਬਨਾਰਸ ਯੂਨੀਵਰਸਿਟੀ) ਅਤੇ ਸ੍ਰੀ ਪਵਨ ਕੁਮਾਰ (ਧਰਮ ਅਧਿਐਨ ਵਿਭਾਗ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿਭਾਗ ਦੇ ਖੋਜ-ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਰ ਸਨ।