ਪੀਏਯੂ ਵਿੱਚ ਉੱਘੇ ਅਰਥ ਸ਼ਾਸਤਰੀ ਪ੍ਰੋ: ਸੰਜੀਤ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਹੋਈ
ਲੁਧਿਆਣਾ, 23 ਦਸੰਬਰ, 2024
ਪੀ ਏ ਯੂ ਨੇ ਲੈਸਟਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਉੱਘੇ ਪ੍ਰੋਫੈਸਰ ਅਤੇ ਮੰਨੇ ਪ੍ਰਮੰਨੇ ਆਰਥਿਕ ਵਿਦਵਾਨ ਪ੍ਰੋ. ਸੰਜੀਤ ਧਾਮੀ ਨਾਲ ਇੱਕ ਦਿਲਚਸਪ ਗੱਲਬਾਤ ਆਯੋਜਿਤ ਕੀਤੀ। ਪੀ ਏ ਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਗਮ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਮੌਜੂਦਾ ਅਰਥਚਾਰੇ ਅਤੇ ਆਰਥਿਕ ਨੀਤੀਆਂ ਬਾਰੇ ਵਿਚਾਰ-ਵਟਾਂਦਰੇ ਲਈ ਪ੍ਰੋ ਸੰਜੀਤ ਧਾਮੀ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਐਡਵੋਕੇਟ ਸ਼੍ਰੀ ਹਰਪ੍ਰੀਤ ਸੰਧੂ ਦੇ ਨਾਲ-ਨਾਲ ਡਾ: ਹਰਨੀਸ਼ ਬਿੰਦਰਾ, ਸੀਨੀਅਰ ਕੰਸਲਟੈਂਟ ਗੈਸਟਰੋਐਂਟਰੌਲੋਜਿਸਟ, ਮੋਹਨਦੇਈ ਓਸਵਾਲ ਹਸਪਤਾਲ, ਲੁਧਿਆਣਾ ਵੀ ਇਸ ਮੌਕੇ ਖਾਸ ਤੌਰ ਤੇ ਹਾਜ਼ਰ ਸਨ।
ਪ੍ਰੋ. ਧਾਮੀ ਨੇ ਗੱਲਬਾਤ ਦੌਰਾਨ ਵਿਸ਼ੇਸ਼ ਤੌਰ 'ਤੇ ਇਸ ਗੱਲ ਬਾਰੇ ਜ਼ੋਰ ਦਿੱਤਾ ਕਿ ਕਿਵੇਂ ਵਿਹਾਰਕ ਅਰਥ ਸ਼ਾਸਤਰ ਮਨੁੱਖੀ ਵਿਵਹਾਰ ਨੂੰ ਰਵਾਇਤੀ ਆਰਥਿਕ ਤਰੀਕਿਆਂ ਨਾਲ ਸੰਬੰਧਿਤ ਬਣਾਉਂਦਾ ਹੈ। ਆਪਣੀ ਆਉਣ ਵਾਲੀ ਕਿਤਾਬ ' ਵਿਹਾਰਕ ਅਰਥ ਸ਼ਾਸਤਰ ਦੇ ਸਿਧਾਂਤ: ਸੂਖਮ ਅਰਥ ਸ਼ਾਸਤਰ ਅਤੇ ਮਨੁੱਖੀ ਵਿਵਹਾਰ' ਦੇ ਹਵਾਲੇ ਨਾਲ ਉਨਾਂ ਕਿਹਾ ਕਿ ਇਸ ਕੰਮ ਦਾ ਉਦੇਸ਼ ਉੱਚ ਪੱਧਰੀ ਆਰਥਿਕ ਰੁਝਾਨਾਂ ਅਤੇ ਇਸ ਦੇ ਮਨੁੱਖੀ ਵਿਹਾਰ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਅੰਕਿਤ ਕਰਨ ਲਈ ਅੰਤਰ-ਅਨੁਸ਼ਾਸਨੀ ਪਹੁੰਚਾਂ ਦਾ ਪੁਲ ਬਣਾਉਣਾ ਹੈ। ਪ੍ਰੋ. ਧਾਮੀ ਨੇ ਪੀਏਯੂ ਵਿੱਚ ਹੋਏ ਸਵਾਗਤ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਨੀਤੀ ਨਿਰਮਾਣ ਦੇ ਨਾਲ ਨਾਲ ਸਮਾਜਿਕ ਦੇ ਤਰਜੀਹੀ ਖੇਤਰ ਖੇਤੀ ਵਿੱਚ ਕ੍ਰਾਂਤੀ ਲਿਆਉਣ ਲਈ ਵਿਹਾਰਕ ਅਰਥ ਸ਼ਾਸਤਰ ਦੀ ਸੰਭਾਵਨਾ ਨੂੰ ਉਜਾਗਰ ਕੀਤਾ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੋ. ਧਾਮੀ ਦਾ ਨਿੱਘਾ ਸੁਆਗਤ ਕੀਤਾ ਅਤੇ ਵਿਹਾਰਕ ਅਰਥ ਸ਼ਾਸਤਰ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਅਰਥ ਸ਼ਾਸਤਰ ਰਵਾਇਤੀ ਵਿਸ਼ਾ ਨਾ ਰਹਿ ਕੇ ਮਨੁੱਖੀ ਹੋਂਦ ਦੇ ਸਮੁੱਚੇ ਸਰੋਕਾਰਾਂ ਨਾਲ ਜੁੜਿਆ ਗਿਆਨ ਸ਼ਾਸਤਰ ਬਣ ਕੇ ਉੱਭਰ ਰਿਹਾ ਹੈ। ਅੱਜ ਦੇ ਸੰਸਾਰ ਵਿੱਚ ਖਾਸ ਤੌਰ 'ਤੇ ਖੇਤੀਬਾੜੀ-ਅਧਾਰਤ ਅਰਥਚਾਰੇ ਜਿਵੇਂ ਕਿ ਪੰਜਾਬ ਲਈ ਇਸ ਦੀ ਬਹੁਤ ਪ੍ਰਸੰਗਿਕਤਾ ਹੈ। ਡਾ ਗੋਸਲ ਨੇ ਕਿਹਾ ਕਿ ਮਨੁੱਖੀ ਵਿਵਹਾਰ ਨੂੰ ਸਮਝਣ ਲਈ ਨੀਤੀਗਤ ਅਤੇ ਵਪਾਰਕ ਰਣਨੀਤੀ ਨੂੰ ਅਧਾਰ ਬਣਾਉਣ ਨਵਾਂ ਗਿਆਨ ਖੇਤਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਧਾਮੀ ਦੀ ਫੇਰੀ ਇਸ ਖੇਤਰ ਬਾਰੇ ਪੀਏਯੂ ਭਾਈਚਾਰੇ ਲਈ ਸਿੱਖਣ ਦਾ ਦੁਰਲੱਭ ਮੌਕਾ ਹੈ।
ਪੀ ਏ ਯੂ ਦੇ ਰਜਿਸਟਰਾਰ, ਡਾ. ਰਿਸ਼ੀ ਪਾਲ ਸਿੰਘ (ਆਈ.ਏ.ਐਸ.) ਨੇ ਪ੍ਰੋ ਧਾਮੀ ਦੀ ਫੇਰੀ ਨਾਲ ਨਵੇਂ ਗਿਆਨ ਰੁਝਾਨਾਂ ਬਾਰੇ ਸਿੱਖਣ ਦਾ ਮੌਕਾ ਪੈਦਾ ਹੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਨੀਤੀ ਢਾਂਚੇ ਵਿੱਚ ਮਨੁੱਖੀ ਵਿਵਹਾਰ ਸੰਬੰਧੀ ਚੇਤਨਾ ਨੂੰ ਸ਼ਾਮਲ ਕਰਨ ਨਾਲ ਖੇਤੀਬਾੜੀ ਅਤੇ ਇਸ ਤੋਂ ਵੀ ਅੱਗੇ ਸ਼ਾਸਨ ਦੇ ਖੇਤਰ ਵਿੱਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ। ਡਾ: ਸਿੰਘ ਨੇ ਅੰਤਰ-ਅਨੁਸ਼ਾਸਨੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੀਏਯੂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪ੍ਰੋ. ਧਾਮੀ ਵਰਗੇ ਵਿਸ਼ਵ ਪੱਧਰੀ ਵਿਦਵਾਨਾਂ ਦਾ ਸਹਿਯੋਗ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਣ ਨੂੰ ਮਜ਼ਬੂਤ ਕਰਦਾ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੇਤਰ ਵਿਚ ਪ੍ਰਭਾਵੀ ਮੰਡੀਕਰਨ ਰਣਨੀਤੀਆਂ ਲਈ ਵਿਹਾਰਕ ਅਰਥ ਸ਼ਾਸਤਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਕੇਤ ਕੀਤਾ ਕਿ ਕਿਸਾਨਾਂ ਅਤੇ ਖਪਤਕਾਰਾਂ ਦੀ ਜਾਗਰੂਕਤਾ ਅਤੇ ਸੂਝ ਨੂੰ ਸਮਝਣਾ ਤਕਨਾਲੋਜੀ ਅਤੇ ਮੰਗ ਨੂੰ ਸੁਚਾਰੂ ਬਣਾ ਸਕਦਾ ਹੈ। ਡਾ. ਢੱਟ ਨੇ ਪ੍ਰੋ. ਧਾਮੀ ਦੇ ਗੁੰਝਲਦਾਰ ਸੰਕਲਪਾਂ ਦੀ ਸਪਸ਼ਟ ਵਿਆਖਿਆ ਦੀ ਸ਼ਲਾਘਾ ਕੀਤੀ, ਜਿਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਡੂੰਘਾਈ ਨਾਲ ਜਾਨਣ ਦੀ ਪ੍ਰੇਰਨਾ ਮਿਲੀ ਹੈ।
ਇਸ ਤੋਂ ਪਹਿਲਾਂ ਸ੍ਰੀ ਹਰਪ੍ਰੀਤ ਸੰਧੂ ਨੇ ਮਹਿਮਾਨ ਬੁਲਾਰੇ ਦੀ ਜਾਣ ਪਛਾਣ ਕਰਵਾਈ। ਇਸ ਦੌਰਾਨ ਸਵਾਲ-ਜਵਾਬ ਸੈਸ਼ਨ ਵੀ ਹੋਇਆ ਜਿਸ ਵਿੱਚ ਪ੍ਰੋ. ਧਾਮੀ ਨੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਵਿਹਾਰਕ ਅਰਥ ਸ਼ਾਸਤਰ ਦੀ ਭੂਮਿਕਾ ਦੇ ਸਵਾਲ ਨੂੰ ਸੰਬੋਧਿਤ ਕੀਤਾ।
ਡਾ: ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ (ਸੰਸਥਾਈ ਸੰਪਰਕ) ਨੇ ਗੱਲਬਾਤ ਦਾ ਸੰਚਾਲਨ ਕੀਤਾ ਅਤੇ ਪ੍ਰੋ. ਧਾਮੀ ਦਾ ਧੰਨਵਾਦ ਕੀਤਾ।