ਪੰਜਾਬ ਪੱਧਰੀ ਖੇਡਾਂ ਦੌਰਾਨ ਜੇਤੂ ਰਹੇ ਪ੍ਰਾਇਮਰੀ ਸਕੂਲ ਭੂੰਦੜ ਦੇ ਬੱਚਿਆਂ ਦਾ ਸਨਮਾਨ
ਅਸ਼ੋਕ ਵਰਮਾ
ਰਾਮਪੁਰਾ, 22 ਦਸੰਬਰ 2024 :ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮਨਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮਹਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ । ਇਸ ਮੌਕੇ ਬਲਾਕ ਸਪੋਰਟਸ ਅਫਸਰ ਨਿਰਭੈ ਸਿੰਘ ਭੁੱਲਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਦੇ ਛੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ । ਜਿਨ੍ਹਾ ਵਿੱਚ ਕਿਮੀ ਕੁਮਾਰੀ ਨੇ ਕਰਾਟੇ ਵਿੱਚ ਵਧੀਆ ਕਾਰਗੁਜਾਰੀ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ । 32 ਕਿਲੋ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਰਨਪ੍ਰੀਤ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਪੰਜਾਬ ਪੱਧਰੀ ਖੇਡਾਂ ਵਿੱਚ ਅਮਨਦੀਪ ਕੌਰ , ਸਿਮਰਜੀਤ ਕੌਰ ,ਜਸਕਰਨ ਸਿੰਘ ਅਤੇ ਕਰਨਵੀਰ ਸਿੰਘ ਨੇ ਕਰਾਟੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ।ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਵਾਪਿਸ ਪਰਤੇ ਖਿਡਾਰੀਆਂ ਦਾ ਸਮੁੱਚੀ ਪੰਚਾਇਤ , ਪਿੰਡ ਵਾਸੀਆਂ , ਐੱਸ ਐਮ ਸੀ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ।
ਇਸ ਮੌਕੇ ਰੱਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਮੈਡਲ , ਸਰਟੀਫਿਕੇਟ ਅਤੇ ਹਾਰ ਪਾ ਕੇ ਸਨਮਾਨ ਸਾਹਿਤ ਖੁੱਲ੍ਹੀ ਜੀਪ ਵਿੱਚ ਸਾਰੇ ਪਿੰਡ ਵਿੱਚ ਚੱਕਰ ਲਾਇਆ , ਜਿੱਥੇ ਸਾਰੇ ਪਿੰਡ ਵਾਸੀਆਂ ਵਲੋ ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਸਮੇ ਸਨਮਾਨ ਰੈਲੀ ਦੀ ਅਗਵਾਈ ਸਕਾਊਟ ਵਾਲੇ ਬੱਚਿਆਂ ਦੁਵਾਰਾ ਸਕੂਲ ਬੈਂਡ ਨਾਲ ਕੀਤੀ ਗਈ। ਇਸ ਮੌਕੇ ਸਰਬਜੀਤ ਕੌਰ ਸਰਪੰਚ ਨੇ ਬੱਚਿਆਂ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਸਕੂਲ ਮੁਖੀ ਨਿਰਭੈ ਸਿੰਘ ਅਤੇ ਸਮੂਹ ਸਟਾਫ ਦੁਵਾਰਾ ਕਰਾਈ ਸਖ਼ਤ ਮਿਹਨਤ ਦਾ ਨਤੀਜਾ ਹੈ । ਉਹਨਾਂ ਕਿਹਾ ਕਿ ਬੱਚਿਆਂ ਦੀ ਇਸ ਸ਼ਾਨਾਮੱਤੀ ਉਪਲੱਬਧੀ ਨਾਲ ਜਿੱਥੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਿਆ ਹੈ ਉਥੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ।ਇਸ ਮੌਕੇ ਸਰਪੰਚ ਸਰਬਜੀਤ ਕੌਰ ਵੱਲੋਂ ਬੱਚਿਆਂ ਨੂੰ ਟਰੈਕ ਸੂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ , ਗੁਰਜੀਤ ਕੌਰ ਆਂਗਣਵਾੜੀ ਵਰਕਰ , ਮੈਡਮ ਹਰਜਿੰਦਰ ਕੌਰ ਕਰਾਟੇ ਇੰਚਾਰਜ , ਮੈਡਮ ਨੀਰਜ ਗੁਪਤਾ ,ਮੈਡਮ ਰਾਜਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਭੋਲਾ ਸਿੰਘ ਪੰਚ, ਗੁਰਜੀਤ ਸਿੰਘ ਪੰਚ , ਲਖਵੀਰ ਸਿੰਘ ਪੰਚ,ਸੁਖਤੇਜ ਸਿੰਘ ਪੰਚ ,ਮਨਪ੍ਰੀਤ ਸਿੰਘ ਪੰਚ ,ਗੁਰਜਿੰਦਰ ਸਿੰਘ ਪ੍ਰਧਾਨ ਸੁਸਾਇਟੀ,ਮਲਕੀਤ ਸਿੰਘ ਪੰਚ,ਜੱਗਾ ਸਿੰਘ ਪੰਚ, ਕਰਮ ਸਿੰਘ ਪੰਚ , ਡਾਕਟਰ ਟਹਿਲਾ ਸਿੰਘ ਆਦਿ ਮੌਜੂਦ ਸਨ ।