ਵਾਰਡਾਂ ਦੇ ਵਿਕਾਸ ਅਤੇ ਲੋਕ ਸਮੱਸਿਆਵਾਂ ਦਾ ਫੌਰੀ ਨਿਪਟਾਰਾ ਰਹੇਗੀ ਤਰਜੀਹ : ਕੌਂਸਲਰ ਰਾਜੇਸ਼ਵਰ ਦਿਆਲ ਬੱਬੀ, ਕੌਂਸਲਰ ਨਰਿੰਦਰ ਕੌਰ
- ਰਿਟਰਨਿੰਗ ਅਧਿਕਾਰੀ ਤੋਂ ਸਰਟੀਫਿਕੇਟ ਕੀਤੇ ਪ੍ਰਾਪਤ, ਜਿੱਤ ਲਈ ਵੋਟਰਾਂ ਦਾ ਕੀਤਾ ਧੰਨਵਾਦ
- ਵੋਟਰਾਂ ਦੀ ਸੇਵਾ ‘ਚ ਹਰ ਵੇਲੇ ਹਾਜ਼ਰ ਰਹਾਂਗੇ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 22 ਦਸੰਬਰ 2024: ਨਗਰ ਨਿਗਮ ਦੀਆਂ ਚੋਣਾਂ ‘ਚ ਵਾਰਡ ਨੰਬਰ 6 ਅਤੇ 7 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਅਤੇ ਨਰਿੰਦਰ ਕੌਰ ਨੇ ਅੱਜ ਰਿਟਰਨਿੰਗ ਅਧਿਕਾਰੀ ਤਹਿਸੀਲਦਾਰ ਕੁਲਵੰਤ ਸਿੰਘ ਤੋਂ ਆਪਣਾ ਸਰਟੀਫਿਕੇਟ ਹਾਸਲ ਕੀਤਾ।
ਰਿਟਰਨਿੰਗ ਅਧਿਕਾਰੀ ਤੋਂ ਸਰਟੀਫਿਕੇਟ ਹਾਸਲ ਕਰਦਿਆਂ ਕੌਂਸਲਰ ਰਾਜੇਸ਼ਵਰ ਦਿਆਲ ਬੱਬੀ ਅਤੇ ਕੌਂਸਲਰ ਨਰਿੰਦਰ ਕੌਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ‘ਤੇ ਕਰਵਾਉਣ ਤੋਂ ਇਲਾਵਾ ਕੋਕ ਸਮੱਸਿਆਵਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਉਨ੍ਹਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਵਿਚ ਕਰਵਾਏ ਜਾ ਰਹੇ ਲਾਮਿਸਾਲ ਵਿਕਾਸ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਉਹ ਵੋਟਰਾਂ ਦੇ ਹਮੇਸ਼ਾ ਧੰਨਵਾਦੀ ਰਹਿੰਦਿਆਂ ਉਨ੍ਹਾਂ ਦੀਆਂ ਆਸਾਂ-ਉਮੀਦਾਂ ‘ਤੇ ਖਰੇ ਉਤਰਨਗੇ।
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਉਹ ਵੋਟਰਾਂ ਵੱਲੋਂ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਉਨ੍ਹਾਂ ਦੇ ਦਿਲੋਂ ਰਿਣੀ ਹਨ ਅਤੇ ਵੋਟਰਾਂ ਦੀ ਸੇਵਾ ਵਿਚ ਹਰ ਵੇਲੇ ਸਮਰਪਿਤ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਰਾਜ ਸਰਕਾਰ ਵਲੋੰ ਲਗਾਤਾਰ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ ਜਿਨ੍ਹਾਂ ਨੂੰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਸਲਾਹਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕ ਵਿਕਾਸ ਦੇ ਨਾਂ ‘ਤੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਚੋਣ ਜਿਤਾ ਰਹੇ ਹਨ ਅਤੇ ਹੁਣ ਨਿਗਮ ਚੋਣਾਂ ਵਿਚ ਵੀ ਪਾਰਟੀ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਸ਼ਿਆਰਪੁਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਤਹਿਤ ਕਈ ਪ੍ਰਾਜੈਕਟ ਚੱਲ ਰਹੇ ਹਨ ਅਤੇ ਆਉਂਦੇ ਦਿਨਾਂ ਵਿਚ ਵੀ ਵੱਡੇ ਪੱਧਰ ‘ਤੇ ਵਿਕਾਸ ਕਰਵਾਏ ਜਾਣਗੇ ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਵੀ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ।