ਸ਼ੈਰੀ ਕਲਸੀ ਨੇ ਕਲਸੀ ਨੇ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ
- ਕੈਂਪ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ
ਰਿਪੋਰਟਰ _ਰੋਹਿਤ ਗੁਪਤਾ
ਬਟਾਲਾ, 22 ਦਸੰਬਰ 2024 - ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਅੱਜ ਕਲਸੀ ਕੇ.ਜੇ. ਚੈਰੀਟੇਬਲ ਹਸਪਤਾਲ, ਬਟਾਲਾ (ਉਸਮਾਨਪੁਰ ਸਿਟੀ) ਵਿਖੇ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ ਤੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਡਾ ਕਮਲਜੀਤ ਸਿੰਘ ਸਮੇਤ ਵੱਖ-ਵੱਖ ਮਾਹਿਰ ਡਾਕਟਰ ਵੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਕੇ, ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਲੋਕਾਂ ਦੀ ਮਦਦ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ ਅਤੇ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਇਸ ਮੌਕੇ ਮੁਫ਼ਤ ਮੈਗਾ ਮੈਡੀਕਲ ਕੈਂਪ ਵਿੱਚ ਜਨਰਲ ਸਰਜੀਕਲ, ਜਨਰਲ ਮੈਡੀਸਨ, ਦਿਲ, ਦਿਮਾਗ਼, ਪੇਟ, ਅੰਤੜੀਆਂ, ਬਲੱਡ ਪ੍ਰੈਸ਼ਰ, ਅੱਖਾਂ, ਸ਼ੂਗਰ, ਗੁਰਦਿਆਂ, ਜਨਾਨਾ ਰੋਗਾਂ, ਹੱਡੀਆਂ, ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮੈਡੀਕਲ ਕੈਂਪ ਦੌਰਾਨ ਸ਼ੂਗਰ, ਹੱਡੀਆਂ ਦੇ ਟੈੱਸਟ ਬੀ.ਐੱਮ.ਡੀ, ਈ.ਸੀ.ਜੀ. ਬਿਲਕੁਲ ਮੁਫ਼ਤ ਕੀਤੀ ਗਈ। ਇਸ ਤੋਂ ਇਲਾਵਾ ਜ਼ਰੂਰਤਮੰਦ ਮਰੀਜ਼ਾਂ ਦੇ ਹੋਰ ਜ਼ਰੂਰੀ ਟੈੱਸਟ ਅੱਧੇ ਖ਼ਰਚ 'ਤੇ ਕੀਤੇ ਗਏ।
ਇਸ ਮੌਕੇ ਡਾ ਕੇ.ਜੇ ਸਿੰਘ ਨੇ ਕਿਹਾ ਕਿ ਕਲਸੀ ਕੇ.ਜੇ. ਚੈਰੀਟੇਬਲ ਹਸਪਤਾਲ, ਉਸਮਾਨਪੁਰ ਸਿਟੀ, ਬਟਾਲਾ ਵਿਖੇ ਬਹੁਤ ਘੱਟ ਰੇਟ 'ਤੇ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿੱਚ ਵੱਡੀ ਸਹੂਲਤ ਮਿਲੀ ਹੈ ਅਤੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।