ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਹਰ ਸਾਲ ਦਸੰਬਰ ਮਹੀਨੇ ਦੇ ਆਖ਼ੀਰ ਵਿੱਚ ਹੀ ਹੁੰਦੀਆਂ ਹਨ। ਜੇਕਰ ਸਰਦੀ ਦਾ ਪ੍ਰਕੋਪ ਵਧ ਜਾਵੇ ਤਾਂ ਇਹਨਾਂ ਨੂੰ ਕੁਝ ਦਿਨਾਂ ਲਈ ਅੱਗੇ ਵੀ ਵਧਾ ਦਿੱਤਾ ਜਾਂਦਾ ਹੈ। ਫਿਲਹਾਲ, ਐਤਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਕੀਤੀਆਂ ਜਾ ਰਹੀਆਂ ਹਨ।
ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਠੰਢ ਪੈਂਦੀ ਹੈ। ਠੰਢ ਵਧਣ ਕਾਰਨ ਸਰੀਰਕ ਤੌਰ 'ਤੇ ਬਿਮਾਰ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪ੍ਰੰਤੂ ਇਹਨਾਂ ਛੁੱਟੀਆਂ ਵਿੱਚ ਜੇਕਰ ਬੱਚੇ ਚਾਹੁਣ ਤਾਂ ਇਸ ਦਾ ਭਰਪੂਰ ਲਾਹਾ ਲੈ ਸਕਦੇ ਹਨ। ਜਿਹੜਾ ਕਿ ਸਮੇਂ ਦੇ ਨਾਲ ਜ਼ਰੂਰੀ ਵੀ ਹੋ ਗਿਆ ਹੈ। ਇਸ ਸਮੇਂ ਨੂੰ ਆਪਣੀ ਪ੍ਰਤਿੱਭਾ ਨੂੰ ਨਿਖਾਰਨ ਦਾ ਖਾਸ ਮੌਕਾ ਕਹਿ ਦੇਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗਾ। ਬੱਚੇ ਇਸ ਸਮੇਂ ਦੀ ਸੁਯੋਗ ਵਰਤੋਂ ਕਰਕੇ ਆਪਣੇ ਗਿਆਨ ਵਿੱਚ ਵਡਮੁੱਲਾ ਵਾਧਾ ਕਰ ਸਕਦੇ ਹਨ।
*ਸਲਾਨਾ ਪ੍ਰੀਖਿਆਵਾਂ ਦੀ ਤਿਆਰੀ*
ਬੱਚਿਆਂ ਦੇ ਸਲਾਨਾ ਇਮਤਿਹਾਨ ਫਰਵਰੀ-ਮਾਰਚ ਮਹੀਨੇ ਵਿੱਚ ਸ਼ੁਰੂ ਹੋ ਜਾਂਦੇ ਹਨ। ਉਹਨਾਂ ਦੀ ਅਗਾਉਂ ਤਿਆਰੀ ਵੀ ਵਿਸ਼ੇਸ਼ ਧਿਆਨ ਮੰਗਦੀ ਹੈ। ਇਹ ਦਿਨ ਸਲਾਨਾ ਪੇਪਰਾਂ ਦੀ ਤਿਆਰੀ ਲਈ ਬਹੁਤ ਕੀਮਤੀ ਹੁੰਦੇ ਹਨ। ਜਿਹੜੇ ਬੱਚੇ ਆਪਣੇ ਟੀਚੇ ਅਤੇ ਸਿਲੇਬਸ ਤੋਂ ਪਿੱਛੇ ਹਨ, ਉਹ ਹੋਰ ਮਿਹਨਤ ਕਰਕੇ ਆਪਣਾ ਟੀਚਾ ਪੂਰਾ ਕਰ ਸਕਦੇ ਹਨ। ਸਿਲੇਬਸ ਪੂਰਾ ਕਰ ਚੁੱਕੇ ਬੱਚਿਆਂ ਲਈ ਦੁਹਰਾਈ ਕਰਨ ਦਾ ਸੁਨਿਹਿਰੀ ਮੌਕਾ ਮਿਲ ਜਾਂਦਾ ਹੈ। ਪੜ੍ਹਾਈ ਵਿੱਚ ਨਵੀਆਂ ਮੱਲਾਂ ਮਾਰਨ ਲਈ ਇਹ ਦਿਨ 'ਦੇਸੀ ਘਿਉ ਦੀਆਂ ਨਾਲਾਂ' ਅਤੇ 'ਸੋਨੇ ਤੇ ਸੁਹਾਗੇ' ਦੇ ਬਰਾਬਰ ਹਨ। ਇਹਨਾਂ ਦਿਨਾਂ ਵਿੱਚ ਕੀਤੀ ਸਖ਼ਤ ਮਿਹਨਤ ਬੱਚਿਆਂ ਦੀ ਕਾਰਗੁਜ਼ਾਰੀ ਸੁਧਾਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਬੜੀ ਸਹਾਇਕ ਸਿੱਧ ਹੁੰਦੀ ਹੈ।
*ਸੁੰਦਰ ਲਿਖਾਈ*
ਕਹਿੰਦੇ ਹਨ ਕਿ ਜੇਕਰ ਸਾਡੀ ਲਿਖਾਈ ਸੋਹਣੀ ਹੈ ਤਾਂ ਅਸੀਂ ਹਰ ਥਾਂ ਸਤਿਕਾਰੇ ਜਾਂਦੇ ਹਾਂ। ਸਾਡੇ ਦਸਤਖ਼ਤ ਹੀ ਸਾਡੀ ਜਾਣ-ਪਛਾਣ ਕਰਵਾ ਜਾਂਦੇ ਹਨ। ਪੜ੍ਹਨ ਵਾਲੇ ਬੱਚਿਆਂ ਲਈ ਤਾਂ ਸੁੰਦਰ ਲਿਖਾਈ ਦਾ ਵਿਸ਼ੇਸ਼ ਮਹੱਤਵ ਹੈ। ਕਿਉਂ ਕਿ ਇਮਤਿਹਾਨ ਪੜ੍ਹਨ ਦੇ ਨਹੀਂ, ਸਗੋਂ ਲਿਖਣ ਦੇ ਹੋਣੇ ਹਨ। ਸੋਹਣੀ ਲਿਖਾਈ ਵਧੇਰੇ ਅੰਕ ਪ੍ਰਾਪਤ ਕਰਨ ਵਿੱਚ ਬੜੀ ਸਹਾਇਕ ਸਿੱਧ ਹੁੰਦੀ ਹੈ। ਵਿਦਵਾਨ ਕਹਿੰਦੇ ਹਨ ਕਿ ਜੇਕਰ ਲਿਖਾਈ ਸੋਹਣੀ ਹੋਵੇ ਤਾਂ ਪੜ੍ਹਾਈ ਕਰਨੀ ਹੋਰ ਵੀ ਸੌਖੀ ਹੋ ਜਾਂਦੀ ਹੈ। ਇਸ ਕੰਮ ਲਈ ਛੋਟੇ ਬੱਚਿਆਂ ਲਈ ਸੁਲੇਖ ਕਾਪੀਆਂ ਅਤੇ ਵੱਡੇ ਬੱਚਿਆਂ ਲਈ ਦੋ ਲਾਈਨਾਂ ਵਾਲੀ ਕਾਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰ ਇੱਕ ਅੱਖਰ ਦੀ ਬਣਤਰ ਬਾਰੇ ਡੂੰਘਾਈ ਨਾਲ ਸਮਝਿਆ ਜਾ ਸਕਦਾ ਹੈ। ਵੈਸੇ ਵੀ ਸੁੰਦਰ ਲਿਖਾਈ ਲਗਾਤਾਰ ਅਭਿਆਸ ਦੀ ਮੰਗ ਕਰਦੀ ਹੈ।
*--ਡਰਾਇੰਗ ਅਤੇ ਪੇਂਟਿੰਗ ਦਾ ਕੰਮ*
ਡਰਾਇੰਗ ਅਤੇ ਪੇਂਟਿੰਗ ਦਾ ਕੰਮ ਵੀ ਛੁੱਟੀਆਂ ਦੌਰਾਨ ਕੀਤਾ ਜਾ ਸਕਦਾ ਹੈ। ਜਿਸ ਬੱਚੇ ਦੀ ਡਰਾਇੰਗ ਚੰਗੀ ਹੈ। ਉਹ ਪੜ੍ਹਾਈ ਵਿੱਚ ਵਧੇਰੇ ਤਰੱਕੀ ਕਰ ਸਕਦਾ ਹੈ। ਇਹ ਜਿੱਥੇ ਕਾਫ਼ੀ ਰੌਚਿਕ ਵਿਸ਼ਾ ਹੈ, ਉੱਥੇ ਬੱਚਿਆਂ ਦੇ ਹੁਨਰ ਵਿੱਚ ਵਾਧਾ ਵੀ ਕਰਦਾ ਹੈ।
*-ਖੇਡਾਂ ਵਿੱਚ ਭਾਗ ਲੈਣਾ*
ਛੁੱਟੀਆਂ ਸਮੇਂ ਬੱਚੇ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਬਾਹਰੀ ਖੇਡਾਂ ਜਿਹੜੀਆਂ ਕਿ ਖੁੱਲ੍ਹੇ ਮੈਦਾਨਾਂ ਵਿੱਚ ਖੇਡੀਆਂ ਜਾਂਦੀਆਂ ਹਨ, ਵਿੱਚ ਭਾਗ ਲੈਣਾ ਚਾਹੀਦਾ ਹੈ। ਸਰਦੀ ਦਾ ਮੌਸਮ ਹੋਣ ਕਾਰਨ ਇਨਡੋਰ ਖੇਡਾਂ ਵਿੱਚ ਵੀ ਭਾਗ ਲਿਆ ਜਾ ਸਕਦਾ ਹੈ। ਖੇਡਾਂ ਬੱਚੇ ਵਿੱਚ, ਮਿਲਵਰਤਣ, ਸਹਿਯੋਗ, ਸਹਿਜ, ਧੀਰਜ, ਵੱਡਿਆਂ ਦਾ ਸਤਿਕਾਰ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ। ਜੇਕਰ ਬੱਚਾ ਪੜ੍ਹਾਈ ਨਾਲ-ਨਾਲ ਖੇਡਾਂ ਵਿੱਚ ਵੀ ਚੰਗੀ ਕਾਰਗੁਜ਼ਾਰੀ ਦਿਖਾਉਂਦਾ ਹੈ ਤਾਂ ਇਹ ਉਸ ਦੀ ਤਰੱਕੀ ਅਤੇ ਵਿਕਾਸ ਦਾ ਪ੍ਰਮਾਣ ਹੈ।
*-ਘਰੇਲੂ ਬਗੀਚੀ ਅਤੇ ਸਬਜ਼ੀਆਂ ਦੀ ਸੰਭਾਲ*
ਛੁੱਟੀਆਂ ਦੌਰਾਨ ਬੱਚੇ ਘਰੇਲੂ ਬਗੀਚੀ ਅਤੇ ਸਬਜ਼ੀਆਂ ਦੀ ਸੰਭਾਲ ਲਈ ਆਪਣੇ ਮਾਪਿਆਂ ਦੀ ਸਹਾਇਤਾ ਕਰ ਸਕਦੇ ਹਨ। ਸਰਦੀ ਦੀਆਂ ਸਬਜ਼ੀਆਂ ਨੂੰ ਘਰ ਵਿਚ ਥੋੜ੍ਹੀ ਜਿਹੀ ਜਗ੍ਹਾ ਵਿੱਚ ਹੀ ਤਿਆਰ ਕੀਤਾ ਜਾ ਸਕਦਾ ਹੈ। ਫਲਦਾਰ, ਫੁੱਲਦਾਰ ਪੌਦਿਆਂ ਦੀ ਕਾਂਟ-ਛਾਂਟ ਅਤੇ ਗ਼ਮਲਿਆਂ ਵਿੱਚਲੇ ਪੌਦਿਆਂ ਦੀ ਦੇਖਰੇਖ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕਦਾ ਹੈਂ। ਇਸ ਤੋਂ ਇਲਾਵਾ ਵਾਤਾਵਰਣ ਨੂੰ ਸਾਫ਼ -ਸੁਥਰਾ ਰੱਖਣ ਲਈ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਪ੍ਰਬੰਧਾਂ ਲਈ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਸਮੁਦਾਇ ਦਾ ਸਹਿਯੋਗ ਕਰਨਾ ਚਾਹੀਦਾ ਹੈ। ਜਿਹੜਾ ਕਿ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ।
*--ਰੋਜ਼ਾਨਾ ਦੀ ਸੈਰ ਅਤੇ ਕਸਰਤ*
ਰੋਜ਼ਾਨਾ ਦੀ ਸੈਰ ਅਤੇ ਕਸਰਤ ਵੀ ਛੁੱਟੀਆਂ ਦਾ ਹਿੱਸਾ ਬਣਨੀ ਚਾਹੀਦੀ ਹੈ। ਹਲਕੀ-ਫੁਲਕੀ ਕਸਰਤ ਅਤੇ ਸੈਰ ਕਰਨ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਰੋਜ਼ਾਨਾ ਦੀ ਸੈਰ ਕਰਦੀ ਹੈ। ਸੋ ਇਹ ਆਦਤ ਬਣਾਉਣੀ ਚਾਹੀਦੀ ਹੈ ਕਿ ਸਵੇਰ ਦੀ ਸੈਰ ਅਤੇ ਕਸਰਤ ਰੋਜ਼ਮਰਾ ਜੀਵਨ ਦਾ ਭਾਗ ਬਣੇ।
*-ਸਾਹਿਤਕ ਕਿਤਾਬਾਂ ਦਾ ਅਧਿਐਨ*
ਕਹਿੰਦੇ ਹਨ ਕਿ ਜਦੋਂ ਬੱਚਾ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਲੱਗ ਪਵੇ ਤਾਂ ਉਦੋਂ ਉਹ ਵਿਦਵਾਨ ਬਣਨ ਵਾਲੇ ਰਸਤੇ 'ਤੇ ਪੈ ਜਾਂਦਾ ਹੈ। ਸੋ ਛੁੱਟੀਆਂ ਸਮੇਂ ਲਾਇਬਰੇਰੀ ਦੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਚੰਗੀਆਂ ਗਿਆਨ ਵਰਧਕ ਪੁਸਤਕਾਂ ਸਾਡੀ ਘਰੇਲੂ ਲਾਇਬਰੇਰੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਚੰਗਾ ਸਾਹਿਤ ਪੜ੍ਹਨ ਨਾਲ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਸ਼ਬਦ ਭੰਡਾਰ ਵੀ ਵਿਸ਼ਾਲ ਹੁੰਦਾ ਹੈ। ਭਵਿੱਖ ਵਿੱਚ ਬੱਚੇ ਚੰਗੇ ਲਿਖਾਰੀ ਅਤੇ ਬੁਲਾਰੇ ਬਣ ਸਕਦੇ ਹਨ। ਉਹ ਇਮਤਿਹਾਨਾਂ ਵਿੱਚ ਹਰ ਇੱਕ ਵਿਸ਼ੇ ਬਾਰੇ ਚੰਗਾ ਲਿਖਣ ਲਈ ਆਪਣੀ ਪਕੜ ਮਜ਼ਬੂਤ ਕਰ ਸਕਦੇ ਹਨ।
*-ਵਿਦਿਅਕ ਟੂਰ*
ਕੰਨਾਂ ਅਤੇ ਅੱਖਾਂ ਵਿਚਕਾਰ ਸਿਰਫ਼ ਚਾਰ ਉਂਗਲਾਂ ਦਾ ਫ਼ਾਸਲਾ ਹੀ ਨਹੀਂ ਹੁੰਦਾ। ਇਹ ਫ਼ਰਕ ਬਹੁਤ ਜ਼ਿਆਦਾ ਹੁੰਦਾ ਹੈ। ਕਿਉਂ ਕਿ ਸੁਣੀ-ਸਣਾਈ ਗੱਲ ਝੂਠੀ ਹੋ ਸਕਦੀ ਪਰ ਅੱਖਾਂ ਰਾਹੀਂ ਵੇਖੀ ਚੀਜ਼ ਕਦੇ ਝੂਠੀ ਨਹੀਂ ਹੋ ਸਕਦੀ। ਇਸ ਲਈ ਹਰ ਚੀਜ਼ ਬਾਰੇ ਪੜ੍ਹਨ ਨਾਲੋਂ ਉਸ ਨੂੰ ਵੇਖਕੇ ਵਧੇਰੇ ਜਾਣਕਾਰੀ ਮਿਲਦੀ ਹੈ। ਬੱਚਿਆਂ ਲਈ ਸਿਧਾਂਤਕ ਜਾਣਕਾਰੀ ਹੀ ਕਾਫੀ ਨਹੀਂ ਹੁੰਦੀ। ਉਹਨਾਂ ਨੂੰ ਇਤਿਹਾਸਿਕ ਥਾਵਾਂ ਦੀ ਸੈਰ ਵੀ ਜ਼ਰੂਰ ਕਰਨੀ ਚਾਹੀਦੀ ਹੈ। ਜਿਸ ਨਾਲ ਵਿਵਹਾਰਿਕ ਜਾਣਕਾਰੀ ਮਿਲਦੀ ਹੈ। ਵਿਦਿਅਕ ਸੈਰ ਦੇ ਦੌਰਾਨ ਮਹੱਤਵਪੂਰਨ ਤੱਥਾਂ ਨੂੰ ਨੋਟ ਕਰ ਲੈਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਇਸ ਨੂੰ ਦੁਬਾਰਾ ਪੜਿਆ ਜਾ ਸਕੇ। ਇਸ ਤੋਂ ਪ੍ਰਾਪਤ ਗਿਆਨ ਨੂੰ ਬੱਚੇ ਆਪਣੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਵਰਤ ਸਕਦੇ ਹਨ।
*ਮਾਪਿਆਂ ਦੀ ਸਹਾਇਤਾ ਕਰਨੀ*
ਬੱਚਿਆਂ ਨੂੰ ਛੁੱਟੀਆਂ ਦੇ ਸਮੇਂ ਦੌਰਾਨ ਆਪਣੇ ਮਾਪਿਆਂ ਦੀ ਘਰੇਲੂ ਅਤੇ ਬਾਹਰੀ ਕੰਮਾਂ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲ ਵੱਡਿਆਂ ਪ੍ਰਤੀ ਸਤਿਕਾਰ ਵਧਦਾ ਹੈ। ਦੂਜੇ ਪਾਸੇ ਕੰਮ ਕਰਨ ਦੀ ਜਾਚ ਆਉਂਦੀ ਹੈ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਵਧਦੀ ਹੈ।
*ਪਾਠ ਸਹਾਇਕ ਕਿਰਿਆਵਾਂ ਵਿੱਚ ਸ਼ਮੂਲੀਅਤ*
ਇਸ ਤੋਂ ਇਲਾਵਾ ਛੁੱਟੀਆਂ ਦੇ ਸਮੇਂ ਦਾ ਯੋਗ ਲਾਹਾ ਲੈਂਦੇ ਹੋਏ ਬੱਚਿਆਂ ਨੂੰ ਗਿਆਨ ਵਰਧਕ ਫ਼ਿਲਮਾਂ, ਮੈਗਜ਼ੀਨ, ਅਖ਼ਬਾਰ, ਟੀ.ਵੀ. ਸੀਰੀਅਲ ਵੇਖਣੇ ਚਾਹੀਦੇ ਹਨ। ਸੰਗੀਤ ਦੇ ਖੇਤਰ ਨਾਲ ਸੰਬੰਧਤ--ਗੀਤ, ਗਜ਼ਲ, ਕਵੀਸ਼ਰੀ, ਡਾਂਸ, ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫ਼ੀ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਕਿਉਂਕਿ ਸਕੂਲ ਸਮੇਂ ਦੇ ਦੌਰਾਨ ਬੱਚਿਆਂ ਕੋਲ ਪੜ੍ਹਾਈ ਦਾ ਜ਼ਿਆਦਾ ਬੋਝ ਹੋਣ ਕਰਕੇ ਸਮਾਂ ਹੀ ਨਹੀਂ ਬਚਦਾ ਕਿ ਉਹ ਇਹਨਾਂ ਕਿਰਿਆਵਾਂ ਵਿੱਚ ਭਾਗ ਲੈ ਸਕਣ।
ਸੋ ਸਰਦੀ ਦੀਆਂ ਛੁੱਟੀਆਂ ਦਾ ਸਦ-ਉਪਯੋਗ ਕਰਦੇ ਹੋਏ ਬੱਚਿਆਂ ਨੂੰ ਇਹਨਾਂ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਭਵਿੱਖ ਵਿੱਚ ਜੀਵਨ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਆਪਣੀ ਕਲਾ ਅਤੇ ਪ੍ਰਤਿਭਾ ਨੂੰ ਹੋਰ ਨਿਖਾਰਨਾ ਚਾਹੀਦਾ ਹੈ। ਇਹਨਾਂ ਨੇਕ ਕਾਰਜਾਂ ਦੀ ਅਜੋਕੇ ਸਮੇਂ ਦੇ ਸੰਦਰਭ ਵਿੱਚ ਵਧੇਰੇ ਲੋੜ ਹੈ।
-
ਬੇਅੰਤ ਸਿੰਘ ਮਲੂਕਾ , (ਸਟੇਟ ਐਵਾਰਡੀ) ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
*******
98720-89538
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.