ਅੰਮ੍ਰਿਤਸਰ: ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਬਹਿਸ, ਪੁਲਿਸ ਨੇ ਕੁੱਝ ਲੋਕਾਂ ਨੂੰ ਕੀਤਾ ਗ੍ਰਿਫਤਾਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ 21 ਦਸੰਬਰ 2024- ਅੰਮ੍ਰਿਤਸਰ ਵਾਰਡ ਨੰਬਰ 85 ਵਿਖੇ ਵੋਟਾਂ ਸਮੇਂ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਮੀਤ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ, ਜਿਸ ਕਰਕੇ ਕਾਫ਼ੀ ਰੌਲਾ ਰੱਪਾ ਪੈ ਗਿਆ। ਆਪ ਅਤੇ ਕਾਂਗਰਸੀ ਵਰਕਰਾਂ ਅਤੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਦੇ ਖ਼ਿਲਾਫ਼ ਅੱਡੇ ਵਿੱਚ ਧਰਨਾ ਲਗਾ ਦਿੱਤਾ। ਇਸ ਜਗ੍ਹਾ ਤੇ ਪਹਿਲਾਂ ਹੀ ਗੜਬੜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਜਿਸ ਕਰਕੇ ਭਾਵੇਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਪਰ ਹੁਣ ਗੜਬੜ ਹੋਣ ਤੋਂ ਬਾਅਦ ਅੰਮ੍ਰਿਤਸਰ ਅਤੇ ਸ਼ਹਿਰੀ ਅਤੇ ਦਿਹਾਤੀ ਪੁਲਿਸ ਦੇ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ, ਪੁਲਿਸ ਥਾਣਾ ਕੰਬੋ ਦੇ ਐਸ. ਐਚ.ਓ. ਹਰਪਾਲ ਸਿੰਘ ਵੀ ਸੋਹੀ ਵੀ ਇੱਥੇ ਮੌਜੂਦ ਸਨ। ਸ਼ਿਵਦਰਸ਼ਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇੱਥੇ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਿਸਨੇ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।