ਨਸ਼ਾ ਤਸਕਰਾਂ ਵਲੋਂ ਨੌਜਵਾਨ ਨੂੰ ਕਤਲ ਕਰਨ ਤੇ ਕਿਸਾਨ ਆਗੂਆਂ ਨੂੰ ਧਮਕੀਆਂ ਦੇਣ ਖਿਲਾਫ ਸੜਕ ਜਾਮ
ਅਸ਼ੋਕ ਵਰਮਾ
ਲੰਬੀ,22 ਦਸੰਬਰ2024 :ਪਿੰਡ ਕਿੱਲਿਆਂਵਾਲੀ ਵਿਖੇ ਨਸ਼ੇ ਵੇਚਣ ਦਾ ਵਿਰੋਧ ਕਰਨ ਸਦਕਾ ਨਸ਼ਾ ਤਸਕਰਾਂ ਵੱਲੋਂ ਇੱਕ ਨੌਜਵਾਨ ਮਜ਼ਦੂਰ ਦਾ ਕਤਲ ਕਰਨ ਅਤੇ ਕੁੱਝ ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸਮੁੱਚੇ ਨਗਰ ਵੱਲੋਂ ਇੱਕਜੁਟ ਹੋ ਕੇ ਅਵਾਜ਼ ਉਠਾਉਣ ਉਪਰੰਤ ਦੋਸ਼ੀਆਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਨੂੰ ਧਮਕੀਆਂ ਦੇਣ ਤੋਂ ਰੋਹ ਵਿੱਚ ਆਏ ਲੋਕਾਂ ਵੱਲੋਂ ਡੀ ਐਸ ਪੀ ਦਫਤਰ ਲੰਬੀ ਅੱਗੇ ਧਰਨਾ ਦਿੱਤਾ ਗਿਆ। ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਧਰਨਾਕਾਰੀਆਂ ਨਾਲ਼ ਗੱਲਬਾਤ ਨਾ ਕਰਨ ਤੋਂ ਸਤੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਵੱਲੋਂ ਡੀ ਐਸ ਪੀ ਦਫਤਰ ਸਾਹਮਣੇ ਨੈਸ਼ਨਲ ਹਾਈਵੇ ਉੱਤੇ ਜਾਮ ਲਾਇਆ ਗਿਆ।
ਇਸ ਮੌਕੇ ਜੁੜੇ ਇਕੱਠ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ, ਜ਼ਿਲ੍ਹਾ ਆਗੂ.... ਮਨੋਹਰ ਸਿੰਘ ਸਿੱਖਵਾਲਾ ਤੇ ਡਾਕਟਰ ਹਰਪਾਲ ਸਿੰਘ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਲਾ ਸਿੰਘ ਖੂਨਣ ਖ਼ੁਰਦ , ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਤੇ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਨੇ ਸੰਬੋਧਨ ਕੀਤਾ। ਉਹਨਾਂ ਮੰਗ ਕੀਤੀ ਕਿ ਕਤਲ ਕੇਸ ਚ ਨਾਮਜ਼ਦ ਰਹਿੰਦੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ, ਕਿਸਾਨ ਆਗੂ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਜਾਂਚ ਕੀਤੀ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਵੇਂ ਨਗਰ ਨਿਵਾਸੀਆਂ ਦੇ ਵਿਰੋਧ ਉਪਰੰਤ ਪੁਲਿਸ ਵਲੋਂ ਕੁੱਝ ਦੋਸ਼ੀਆਂ ਨੂੰ ਤਾਂ ਗਿਰਫ਼ਤਾਰ ਕਰ ਲਿਆ ਪਰ ਦੋਸ਼ੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਉਹ ਪਿੰਡ ਅੰਦਰਲੀ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਡਾਕਟਰ ਹਰਪਾਲ ਸਿੰਘ ਨੂੰ ਜਾਨੋ ਮਾਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ।
ਉਹਨਾਂ ਆਖਿਆ ਕਿ ਅੱਜ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਕਿਸਾਨ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀਆਂ ਖਿਲਾਫ ਪੁਖਤਾ ਕਾਰਵਾਈ ਦੀ ਮੰਗ ਨੂੰ ਡੀ ਐਸ ਪੀ ਦਫਤਰ ਲੰਬੀ ਵਿਖੇ ਵਿਸ਼ਾਲ ਤੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਸੀ ਪਰ ਕਿਸੇ ਸਮਰੱਥ ਅਧਿਕਾਰੀ ਵੱਲੋਂ ਉਹਨਾਂ ਨਾਲ਼ ਗੱਲਬਾਤ ਨਾ ਕਰਨ ਸਦਕਾ ਉਹਨਾਂ ਨੂੰ ਸੜਕ ਜਾਮ ਕਰਨ ਲਈ ਮਜਬੂਰ ਹੋਣਾ ਪਿਆ।
ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਦੋਸ਼ੀਆਂ ਤੇ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਕਿਸਾਨ ਆਗੂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਧਮਕੀਆਂ ਦੇਣ ਵਾਲੇ ਕਾਤਲੀ ਗਰੋਹ ਨੂੰ ਸਿਆਸੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਹੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜੇਕਰ ਕਿਸਾਨ ਆਗੂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਹਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਆਗੂ ਹੀ ਜ਼ਿੰਮੇਵਾਰ ਹੋਣਗੇ ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਚਾਰ ਮਹੀਨਿਆਂ 'ਚ ਪੰਜਾਬ ਚੋਂ ਨਸ਼ੇ ਖ਼ਤਮ ਕਰਨ ਦੀ ਗਰੰਟੀ ਦੇ ਕੇ ਸਤਾ 'ਚ ਆਈ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਨਾਂ ਸਿਰਫ਼ ਨਸ਼ਿਆਂ ਦੀ ਮਹਾਂਮਾਰੀ ਵਧ ਫੁੱਲ ਰਹੀ ਹੈ ਸਗੋਂ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਨਸ਼ੇ ਵੇਚਣ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕਤਲ ਕਰਨ ਅਤੇ ਘਿਨਾਉਣੇ ਕਤਲ ਖਿਲਾਫ ਅਵਾਜ਼ ਉਠਾਉਣ ਵਾਲਿਆਂ ਨੂੰ ਸ਼ਰੇਆਮ ਧਮਕੀਆਂ ਦੇਣ 'ਤੇ ਉੱਤਰ ਆਏ ਹਨ। ਉਹਨਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਅਤੇ ਪੁਲਿਸ ਪ੍ਰਸ਼ਾਸਨ ਦੀ ਹਮਾਇਤ ਕਾਰਨ ਹੀ ਨਸ਼ਿਆਂ ਦਾ ਕਾਰੋਬਾਰ ਆਏ ਦਿਨ ਵਧ ਰਿਹਾ ਅਤੇ ਨਿੱਤ ਦਿਨ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ।