ਸਿੱਖ ਔਰਤਾਂ ਨੂੰ ਵੀ ਪਾਉਣਾ ਪਵੇਗਾ ਹੈਲਮੇਟ: ਬੱਸ ਇਨ੍ਹਾਂ ਨੂੰ ਮਿਲੇਗੀ ਛੋਟ
- ਹਾਈਕੋਰਟ ਨੇ ਕਿਹਾ- ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਸਖ਼ਤੀ ਨਾਲ ਨਿਯਮ ਦੀ ਕਰਨ ਪਾਲਣਾ
ਚੰਡੀਗੜ੍ਹ, 21 ਦਸੰਬਰ 2024 - ਔਰਤਾਂ ਨੂੰ ਦੋਪਹੀਆ ਵਾਹਨਾਂ 'ਤੇ ਹੈਲਮੇਟ ਪਾਉਣ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਸਿੱਖ ਬੀਬੀਆਂ ਵੀ ਹੈਲਮੇਟ ਪਾਉਣਗੀਆਂ ਨਹੀਂ ਤਾਂ ਟ੍ਰੈਫਿਕ ਪੁਲਿਸ ਚਲਾਨ ਕਰ ਸਕਦੀ ਹੈ। ਔਰਤਾਂ ਲਈ ਹੈਲਮੇਟ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਸਿਰਫ਼ ਦਸਤਾਰ ਸਜਾਉਣ ਵਾਲੀਆਂ ਸਿੱਖ ਔਰਤਾਂ ਨੂੰ ਹੀ ਇਸ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ ਮੋਟਰ ਵਹੀਕਲ ਐਕਟ ਦੀ ਵਿਵਸਥਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ ਗਏ ਹਨ, ਜਿਸ ਤਹਿਤ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੈ। ਹੁਣ ਇਨ੍ਹਾਂ ਦੋਵਾਂ ਨੂੰ ਯਕੀਨੀ ਬਣਾਉਣ ਦੀ ਉਮੀਦ ਪ੍ਰਗਟਾਉਂਦਿਆਂ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
ਪੰਜਾਬ-ਹਰਿਆਣਾ ਹਾਈਕੋਰਟ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਔਰਤਾਂ ਲਈ ਦੋ ਪਹੀਆ ਵਾਹਨਾਂ 'ਤੇ ਹੈਲਮੇਟ ਪਾਉਣਾ ਲਾਜ਼ਮੀ ਕੀਤਾ ਜਾਵੇ। ਪੱਤਰ ਵਿੱਚ ਅਰੋਮਾ ਹੋਟਲ ਦੇ ਸਾਹਮਣੇ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਸਕੂਟਰ ਦੀ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਕੇਂਦਰ ਸਮੇਤ ਪੰਜਾਬ ਅਤੇ ਹਰਿਆਣਾ ਨੇ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦਿੱਤੀ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਕੋਈ ਵੀ ਧਰਮ ਸੁਰੱਖਿਆ ਪ੍ਰਬੰਧਾਂ ਦੇ ਮਾਪਦੰਡਾਂ ਤੋਂ ਉੱਪਰ ਨਹੀਂ ਹੈ। ਇਸ ਲਈ ਦੋਪਹੀਆ ਵਾਹਨਾਂ 'ਤੇ ਸਾਰੀਆਂ ਔਰਤਾਂ ਅਤੇ ਖਾਸ ਕਰਕੇ ਉਨ੍ਹਾਂ ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਜੋ ਦਸਤਾਰ ਨਹੀਂ ਸਜਾਉਂਦੀਆਂ।
ਹਾਈ ਕੋਰਟ ਨੇ ਪੱਤਰ ਦਾ ਨੋਟਿਸ ਲਿਆ ਸੀ। ਹਾਈਕੋਰਟ ਨੇ ਕਿਹਾ ਕਿ ਮਾਮਲਾ ਔਰਤਾਂ ਦੀ ਸੁਰੱਖਿਆ ਦਾ ਹੈ ਜਿਸ ਲਈ ਅਸੀਂ ਚਿੰਤਤ ਹਾਂ। ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਸੀ ਕਿ ਸਿਰਫ਼ ਦਸਤਾਰ ਪਹਿਨਣ ਵਾਲੇ ਸਿੱਖਾਂ ਨੂੰ ਹੀ ਹੈਲਮਟ ਤੋਂ ਛੋਟ ਹੈ, ਨਾ ਕਿ ਸਿੱਖ ਔਰਤਾਂ ਜਾਂ ਔਰਤਾਂ ਨੂੰ। ਇਹ ਵੀ ਕਿਹਾ ਗਿਆ ਸੀ ਕਿ ਮੋਟਰ ਵਹੀਕਲ ਐਕਟ ਤਹਿਤ ਚਾਰ ਸਾਲ ਤੋਂ ਵੱਧ ਉਮਰ ਦੇ ਬੱਚੇ ਲਈ ਹੈਲਮੇਟ ਲਾਜ਼ਮੀ ਹੈ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਇਸ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਉਮੀਦ ਕਰਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।