MLA ਸੇਖੋਂ ਨੇ ਮੁਕਤਸਰ-ਫਿਰੋਜਪੁਰ ਰੋਡ ਤੋਂ ਭਾਗ ਸਿੰਘ ਵਾਲਾ ਤੋਂ ਜੰਡ ਸਾਹਿਬ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 11 ਮਾਰਚ 2025 - ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ, ਉੱਥੇ ਹੀ ਵਿਕਾਸ ਕਾਰਜਾਂ ਲਈ ਫੰਡਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਲਿੰਕ ਸੜਕ ਮੁਕਤਸਰ-ਫਿਰੋਜਪੁਰ ਰੋਡ ਤੋਂ ਭਾਗ ਸਿੰਘ ਵਾਲਾ ਤੋਂ ਜੰਡ ਸਾਹਿਬ ਸੜਕ ਨੂੰ ਅਪਗਰੇਡ ਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 5.40 ਕਿਲੋਮੀਟਰ ਹੈ ਅਤੇ ਸੜਕ ਦੀ ਚੌੜਾਈ 10 ਫੁੱਟ ਤੋਂ 12 ਫੁੱਟ ਕਰਨ ਤੇ ਅੰਦਾਜਨ ਲਾਗਤ ਰੁਪਏ 1 ਕਰੋੜ 55 ਲੱਖ ਆਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਮੁਕਤਸਰ-ਫਿਰੋਜਪੁਰ ਰੋਡ ਤੋਂ ਕਈ ਪਿੰਡਾਂ ਨੂੰ ਜੋੜਦੀ ਹੈ ਅਤੇ ਜੰਡ ਸਾਹਿਬ ਗੁਰੂਦੁਆਰਾ ਸਾਹਿਬ ਜਾਣ ਵਾਲੀ ਸੰਗਤ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸੜਕ ਦੇ ਬਣਨ ਨਾਲ ਪਿੰਡ ਕਿੰਗਰਾ, ਭਾਗ ਸਿੰਘ ਵਾਲਾ, ਘੁੱਦੂਵਾਲਾ, ਜੰਡ ਸਾਹਿਬ ਅਤੇ ਮਾਨ ਸਿੰਘ ਵਾਲਾ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੁਖਾਲੀ ਬਣੇਗੀ।