ਹਾਰਵਰਡ 'ਤੇ ਟਰੰਪ ਦੀ ਕਾਰਵਾਈ: ਟੈਕਸ ਛੋਟ ਖਤਰੇ 'ਚ, 2.2 ਬਿਲੀਅਨ ਡਾਲਰ ਦੀ ਗ੍ਰਾਂਟ ਰੋਕੀ ਗਈ
ਵਾਸ਼ਿੰਗਟਨ, 16 ਅਪ੍ਰੈਲ 2025 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਹਾਰਵਰਡ ਯੂਨੀਵਰਸਿਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਦਿੱਤੀ ਟੈਕਸ ਛੋਟ ਖਤਮ ਕਰਨ ਦੀ ਚੇਤਾਵਨੀ ਦਿੱਤੀ ਅਤੇ 2.2 ਬਿਲੀਅਨ ਡਾਲਰ ਦੀ ਸਰਕਾਰੀ ਗ੍ਰਾਂਟ ਨੂੰ ਰੋਕ ਦਿੱਤਾ ਗਿਆ ਹੈ। ਟਰੰਪ ਨੇ ਹਾਰਵਰਡ 'ਤੇ "ਰਾਜਨੀਤਿਕ, ਵਿਚਾਰਧਾਰਕ ਅਤੇ ਅੱਤਵਾਦੀ ਨਫ਼ਰਤ" ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ।
ਮਾਮਲੇ ਦੀ ਪਿਛੋਕੜ: ਟਰੰਪ ਪ੍ਰਸ਼ਾਸਨ ਨੇ ਹਾਰਵਰਡ ਨੂੰ ਕੈਂਪਸ ਦੀ ਡਾਇਵਰਸਿਟੀ ਨੀਤੀ ਅਤੇ ਵਿਦਿਆਰਥੀ ਕਲੱਬਾਂ ਦੀ ਮਾਨਤਾ ਨੂੰ ਲੈ ਕੇ ਸਖ਼ਤ ਮੰਗਾਂ ਰੱਖੀਆਂ ਸਨ। ਇਨ੍ਹਾਂ ਵਿੱਚ ਇਮੀਗ੍ਰੇਸ਼ਨ ਜਾਂਚ ਵਿੱਚ ਸਹਿਯੋਗ, ਡਾਇਵਰਸਿਟੀ ਦਫਤਰ ਬੰਦ ਕਰਨਾ ਅਤੇ ਦਾਖਲਿਆਂ-ਭਰਤੀ 'ਤੇ ਸਰਕਾਰੀ ਨਿਯੰਤਰਣ ਸ਼ਾਮਲ ਹਨ।
ਹਾਰਵਰਡ ਨੇ ਇਨਕਾਰ ਕੀਤਾ: ਯੂਨੀਵਰਸਿਟੀ ਦੇ ਪ੍ਰਧਾਨ ਐਲਨ ਗਾਰਬਰ ਨੇ ਟਰੰਪ ਦੀਆਂ ਮੰਗਾਂ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਦੱਸਿਆ। ਉਨ੍ਹਾਂ ਇੱਕ ਖੁੱਲ੍ਹੇ ਪੱਤਰ ਰਾਹੀਂ ਕਿਹਾ ਕਿ "ਕੋਈ ਸਰਕਾਰ ਇਹ ਨਹੀਂ ਨਿਰਧਾਰਤ ਕਰ ਸਕਦੀ ਕਿ ਯੂਨੀਵਰਸਿਟੀਆਂ ਕਿਵੇਂ ਚਲਣ।"
ਟਾਸਕ ਫੋਰਸ ਨੇ ਵੀ ਵਿਆਖਿਆ ਕੀਤੀ: ਟਰੰਪ ਦੀ ਟਾਸਕ ਫੋਰਸ ਟੂ ਕੰਬੈਟ ਐਂਟੀ-ਸੈਮੀਟਿਜ਼ਮ ਨੇ ਕਿਹਾ ਕਿ ਹਾਰਵਰਡ ਦੇ ਬਿਆਨ ਅਜਿਹੀ ਮਾਨਸਿਕਤਾ ਨੂੰ ਦਰਸਾਉਂਦੇ ਹਨ ਜੋ “ਸਰਕਾਰੀ ਫੰਡ ਤਾਂ ਚਾਹੁੰਦੀ ਹੈ ਪਰ ਕਾਨੂੰਨੀ ਜ਼ਿੰਮੇਵਾਰੀ ਨਹੀਂ।”
ਪਿੱਛੋਕੜ ਵਿੱਚ ਗਾਜ਼ਾ ਯੁੱਧ: ਇਹ ਸਾਰੇ ਟਕਰਾਅ ਦਾ ਸੰਦਰਭ ਗਾਜ਼ਾ-ਇਜ਼ਰਾਈਲ ਜੰਗ ਦੌਰਾਨ ਹੋਏ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜਿਆ ਹੋਇਆ ਹੈ। ਹਾਰਵਰਡ ਸਮੇਤ ਕਈ ਕੈਂਪਸਾਂ ਵਿੱਚ ਵਿਰੋਧ ਤੇਜ਼ ਹੋਏ, ਜਿਸ ਦੇ ਨਤੀਜੇ ਵਜੋਂ ਟਰੰਪ ਨੇ ਇਹ ਸਖ਼ਤ ਰਵੱਈਆ ਅਪਣਾਇਆ।