ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕੈਂਸਰ ਇਲਾਜ ਦੀ ਲਾਗਤ ਘਟਾਉਣ ਅਤੇ ਨਦੀਆਂ ਦੀ ਸਫ਼ਾਈ ਬਾਰੇ ਚੁੱਕੇ ਸਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 11 ਮਾਰਚ:2025 - ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੱਲ ਰਹੇ ਸੰਸਦੀ ਸ਼ੈਸ਼ਨ ਦੌਰਾਨ, ਕੈਂਸਰ ਇਲਾਜ ਦੀ ਲਾਗਤ ਘਟਾਉਣ ਅਤੇ ਦੇਸ਼ ਦੀਆਂ ਨਦੀਆਂ ਦੀ ਸਫ਼ਾਈ ਨੂੰ ਲੈ ਕੇ ਕੇਂਦਰ ਸਰਕਾਰ ਦੀ ਯੋਜਨਾ ਬਾਰੇ ਗੰਭੀਰ ਪ੍ਰਸ਼ਨ ਉਠਾਏ।
ਸੰਤ ਸੀਚੇਵਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਪੁੱਛਿਆ ਕਿ ਸਰਕਾਰ ਨੇ ਕੈਂਸਰ ਦੇ ਇਲਾਜ ਦੀ ਲਾਗਤ ਨੂੰ ਘਟਾਉਣ ਲਈ ਕੀ ਯੋਜਨਾ ਬਣਾਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਂਸਰ ਰੋਗੀਆਂ ਲਈ ਉੱਚ ਕੁਆਲਟੀ ਦੀਆਂ ਦਵਾਈਆਂ ਸਸਤੀ ਕੀਤੀਆਂ ਜਾਣ, ਇਨ੍ਹਾਂ ਉੱਤੇ ਸਬਸਿਡੀ ਦਿੱਤੀ ਜਾਵੇ ਅਤੇ ਇਲਾਜ ਨੂੰ ਬੀਮਾ ਯੋਜਨਾਵਾਂ ਅਧੀਨ ਲਿਆ ਜਾਵੇ। ਕਿਉਂਕਿ ਕੈਂਸਰ ਦੀ ਸਭ ਤੋਂ ਵੱਧ ਮਾਰ ਗਰੀਬ ਵਰਗ ਤੇ ਪੈ ਰਹੀ ਹੈ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ਘੱਟੋ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਖਾਸ ਰਾਹਤ ਯੋਜਨਾ ਤਿਆਰ ਕੀਤੀ ਹੈ।
ਸੰਤ ਸੀਚੇਵਾਲ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਪੰਜਾਬ ਵਿੱਚ ਦਿਮਾਗੀ ਤੌਰ ਤੇ ਅਪਹਾਜ਼ ਬੱਚਿਆਂ ਦੇ ਪੈਦਾ ਹੋਣ ਦੇ ਕਾਰਨਾਂ ਤੇ ਕੋਈ ਵਿਸ਼ਲੇਸ਼ਣ ਜਾਂ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਅਜਿਹੀ ਕੋਈ ਗਿਣਤੀ ਜਾਂ ਖੋਜ ਮੌਜੂਦ ਨਹੀਂ, ਤਾਂ ਇਸ ਗੰਭੀਰ ਸਮੱਸਿਆ ਦਾ ਹੱਲ ਕਿਵੇਂ ਲੱਭਿਆ ਜਾਵੇਗਾ।
ਨਦੀਆਂ ਦੀ ਸਫ਼ਾਈ ਬਾਰੇ ਸਰਕਾਰੀ ਯੋਜਨਾਵਾਂ ਦੇ ਬਾਰੇ ਸੰਤ ਸੀਚੇਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਤੋਂ ਪੁੱਛਿਆ ਕਿ ਸਰਕਾਰ ਨੇ ਪੰਜਾਬ ਸਮੇਤ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੀ ਸਫਾਈ ਲਈ ਕੀ ਵਿਸ਼ੇਸ਼ ਯੋਜਨਾਵਾਂ ਅਤੇ ਕਦਮ ਉਠਾਏ ਹਨ। ਉਨ੍ਹਾਂ ਨੇ ਇਹ ਵੀ ਜਾਣਣਾ ਚਾਹਿਆ ਕਿ ਭਾਰੀ ਫੰਡ ਖਰਚ ਕਰਨ ਦੇ ਬਾਵਜੂਦ, ਕਿਉਂ ਨਦੀਆਂ ਵਿੱਚ ਪ੍ਰਦੂਸ਼ਣ ਜ਼ਾਰੀ ਹੈ।
ਸੰਤ ਸੀਚੇਵਾਲ ਨੇ ਸਰਕਾਰ ਤੋਂ ਪੁੱਛਿਆ ਕਿ ਕੀ ਨਦੀ ਸਫਾਈ ਪ੍ਰੋਜੈਕਟ ਦੀ ਅਸਲ ਸਥਿਤੀ ਅਤੇ ਮੁੱਖ ਚੁਣੌਤੀਆਂ ਦਾ ਮੁਲਾਂਕਣ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਜਾਣਣ ਦੀ ਮੰਗ ਕੀਤੀ ਕਿ ਕੀ ਸਰਕਾਰ ਨੇ ਨਦੀਆਂ ਦੇ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਲ ਕਰਨ ਲਈ ਕੋਈ ਨਿਰਧਾਰਤ ਸਮਾਂ-ਸੀਮਾ ਰੱਖੀ ਹੈ।
ਸੰਤ ਸੀਚੇਵਾਲ ਨੇ ਆਖਰ `ਚ ਦੱਸਿਆ ਕਿ ਕੈਂਸਰ ਅਤੇ ਵਾਤਾਵਰਣ ਪ੍ਰਦੂਸ਼ਣ ਜਿਹੜੇ ਲੋਕਾਂ ਦੀ ਸਿਹਤ ਅਤੇ ਜੀਵਨ ਉੱਤੇ ਗੰਭੀਰ ਪ੍ਰਭਾਵ ਪਾ ਰਹੇ ਹਨ, ਉਹਨਾਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ।