ਸਿੱਖਿਆ ਕ੍ਰਾਂਤੀ ਦਾ ਅਸਰ, ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਾਈ ਮਾਤ - ਅਜੀਤਪਾਲ ਕੋਹਲੀ
- ਪੁਰਾਣੀ ਪੁਲਿਸ ਲਾਈਨ ਸਰਕਾਰੀ ਸਕੂਲ 'ਚ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਅਲਟਰਾ ਮਾਡਰਨ ਕਲਾਸ ਰੂਮ ਤੇ ਟੁਆਇਲਟ ਬਲਾਕ ਦਾ ਉਦਘਾਟਨ
- ਕਿਹਾ, ਪੰਜਾਬ ਸਰਕਾਰ ਨੇ ਸਿੱਖਿਆ ਨੂੰ ਪਹਿਲ ਦੇਕੇ ਲੋਕਾਂ ਦੇ ਸੁਪਨੇ ਕੀਤੇ ਸਾਕਾਰ
- ਮਾਪਿਆਂ ਤੇ ਵਿਦਿਆਰਥੀਆਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੀ ਕੀਤੀ ਭਰਵੀਂ ਸ਼ਲਾਘਾ
ਪਟਿਆਲਾ, 7 ਅਪ੍ਰੈਲ 2025 - ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪੰਜਾਬ ਸਰਕਾਰ ਵੱਲੋਂ ਅਰੰਭੀ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਅਤਿਆਧੁਨਿਕ ਇੰਟਰੈਕਟਿਵ ਪੈਨਲ ਨਾਲ ਲੈਸ ਮਾਡਰਨ ਕਲਾਸ ਰੂਮ ਅਤੇ 8 ਬਾਥਰੂਮਾਂ ਵਾਲੇ ਨਵੇਂ ਟੁਆਇਲਟ ਬਲਾਕ ਨੂੰ ਵਿਦਿਆਰਥੀਆਂ ਦੇ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਮੌਕੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਅਤੇ ਨਵੀਂ ਸਿੱਖਿਆ ਕ੍ਰਾਂਤੀ ਲਈ ਵਧਾਈ ਵੀ ਦਿੱਤੀ।
ਇਸ ਮੌਕੇ ਵਿਧਾਇਕ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਜੋ ਸੁਪਨਾ 2022 ਵਿੱਚ ਲੋਕਾਂ ਨੂੰ ਦਿਖਾਇਆ ਸੀ ਹੁਣ ਪੰਜਾਬ ਸਰਕਾਰ ਉਸਨੂੰ ਸਾਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਆਪ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਲੋਕਾਂ ਵੱਲੋਂ ਨਿਜੀ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣ ਕਰਕੇ ਇਨ੍ਹਾਂ ਸਕੂਲਾਂ ਵਿੱਚ ਦਾਖਲਿਆਂ ਲਈ ਲਾਇਨਾਂ ਲੱਗ ਰਹੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਨ੍ਹਾਂ ਸਕੂਲਾਂ ਦਾ ਵਕਾਰ ਅਤੇ ਲੋਕਾਂ ਦਾ ਵਿਸ਼ਵਾਸ਼ ਬਹਾਲ ਕੀਤਾ ਹੈ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਜੋ ਸਿੱਖਿਆ ਦਾ ਮਾਡਲ ਬਣਾਇਆ ਉਸ ਦੀ ਦੇਸ਼ ਤੇ ਵਿਦੇਸ਼ਾਂ ਵਿੱਚ ਸ਼ਲਾਘਾ ਹੋਈ ਹੈ, ਜਿਸ ਤਹਿਤ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ 'ਚ ਸਿਖਲਾਈ, ਨਵੇਂ ਸਕੂਲ ਆਫ਼ ਐਮੀਨੈਂਸ, ਕਿੱਤਾਮੁਖੀ ਸਿੱਖਿਆ ਅਤੇ ਅਧਿਆਪਕਾਂ ਦੀ ਭਰਤੀ ਕੀਤੀ ਗਈ, ਜਿਸ ਨਾਲ ਸਕੂਲਾਂ 'ਚ ਸੁਰੱਖਿਆ ਤੇ ਸਿੱਖਿਆ ਦਾ ਵਾਤਵਰਣ ਬਣਿਆ ਹੈ ਅਤੇ ਬੱਚੇ ਸਿੱਖਿਆ ਸਮੇਤ ਹੋਰ ਸਹਿ ਵਿੱਦਿਅਕ ਖੇਤਰਾਂ 'ਚ ਮੱਲਾਂ ਮਾਰ ਰਹੇ ਹਨ।
ਸਕੂਲ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਵਿਧਾਇਕ ਕੋਹਲੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸਕੂਲ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਇਸ ਸਕੂਲ ਨੂੰ ਹੁਨਰ ਸਿੱਖਿਆ ਸਕੂਲ ਲਈ ਚੁਣਿਆ ਗਿਆ ਹੈ ਤੇ ਇੱਥੇ ਬਿਊਟੀ ਵੈਲਨੈਸ ਤੇ ਵੈਲਨੈਸ ਦੇ ਕੋਰਸ ਕਰਵਾਏ ਜਾ ਰਹੇ ਹਨ, ਜਿਸ ਕਰਕੇ ਅਸਲ ਵਿੱਚ ਸਿੱਖਿਆ ਕ੍ਰਾਂਤੀ ਉਨ੍ਹਾਂ ਦੇ ਸਕੂਲ ਵਿੱਚ ਆਈ ਹੈ।
ਸਮਾਗਮ ਦੌਰਾਨ ਪੁੱਜੇ ਮਾਪਿਆਂ ਤੇ ਵਾਰਸਾਂ ਰੋਹਿਤ ਕੁਮਾਰ, ਅਮਨਜੋਤ ਸਿੰਘ, ਰਾਮ ਕੁਮਾਰ, ਰਮਾ, ਗੌਰੀ, ਸੋਨੀਆ ਅਤੇ ਹਰਪ੍ਰੀਤ ਕੌਰ ਆਦਿ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਨਵੇਂ ਬੁਨਿਆਦੀ ਢਾਂਚੇ ਦਾ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ। ਜਦੋਂਕਿ ਵਿਦਿਆਰਥੀਆਂ ਨੇ ਵੀ ਸਕੂਲ ਵਿੱਚ ਨਵੇਂ ਸਾਜੋ-ਸਮਾਨ ਨੂੰ ਆਪਣੇ ਲਈ ਲਾਭਕਾਰੀ ਦੱਸਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਵੇਂ ਸਿੱਖਿਆ ਵਾਤਾਵਰਣ ਦਾ ਬਹੁਤ ਲਾਭ ਹੋ ਰਿਹਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।
ਇਸ ਮੌਕੇ ਮੇਅਰ ਕੁੰਦਨ ਗੋਗੀਆ, ਆਪ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਕੌਂਸਲਰ ਰਮਨਪ੍ਰੀਤ ਕੌਰ ਕੋਹਲੀ, ਸਿੱਖਿਆ ਕੋਆਰਡੀਨੇਟਰ ਅਮਿਤ ਡਾਬੀ, ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਰਵੀ ਭਾਟੀਆ, ਸੁਸ਼ੀਲ ਮਿੱਡਾ, ਰੋਹਿਤ ਸਿੰਗਲਾ, ਭਾਰਤ ਡਾਬੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਾਲੂ ਮਹਿਰਾ, ਹਲਕਾ ਸਕੂਲ ਕੋਆਰਡੀਨੇਟਰ ਮਨੋਜ ਥਾਪਰ ਅਤੇ ਵੱਡੀ ਗਿਣਤੀ ਮਾਪੇ, ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।