ਸਿਹਤ ਵਿਭਾਗ ਫਾਜਿਲਕਾ ਵੱਲੋਂ ਸਰਦੀ ਤੋਂ ਬਚਣ ਸਬੰਧੀ ਜ਼ਾਰੀ ਕੀਤੀ ਅਡਵਾਈਜ਼ਰੀ
ਫਾਜਿਲਕਾ , 23 ਦਸੰਬਰ 2024 :
ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਫਾਜਿਲਕਾ ਵੱਲੋਂ ਡਾ ਲਹਿੰਬਰ ਰਾਮ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਸਰਦੀ ਤੋਂ ਬਚਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਦੌਰਾਨ ਡਾ ਕਵਿਤਾ ਸਿੰਘ ਅਤੇ ਡਾ ਐਰਿਕ ਨੇ ਦੱਸਿਆ ਕਿ ਸਰਦੀ ਰੁੱਤ ਵਿੱਚ ਲਗਾਤਾਰ ਤਾਪਮਾਨ ਘੱਟ ਹੋ ਰਿਹਾ ਹੈ, ਜਿਸ ਕਰਕੇ ਸਿਹਤ ਸਬੰਧੀ ਲਾਪਰਵਾਹੀ ਖਤਰਨਾਕ ਸਾਬਿਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸ਼ੀਤ ਲਹਿਰ ਦੌਰਾਨ ਜਿਨ੍ਹਾਂ ਸੰਭਵ ਹੋਵੇ ਜ਼ਿਆਦਾ ਸਮਾਂ ਘਰਾਂ ਵਿੱਚ ਹੀ ਰਹੋ। ਇੱਕ ਪਰਤ ਵਾਲੇ ਕੱਪੜੇ ਪਹਿਨਣ ਦੀ ਬਜਾਏ, ਜ਼ਿਆਦਾ ਪਰਤਾਂ ਵਾਲੇ ਅਤੇ ਘੱਟ ਭਾਰ ਵਾਲੇ ਢਿੱਲੇ ਕੱਪੜੇ, ਸ਼ੀਤ ਹਵਾ ਰੋਕੂ ਗਰਮ ਊਨੀ ਕੱਪੜੇ ਪਹਿਨੋ। ਤੰਗ ਕੱਪੜੇ ਖੂਨ ਦਾ ਦਬਾਅ ਘਟਾਉਂਦੇ ਹਨ। ਆਪਣੇ ਆਪ ਨੂੰ ਸੁੱਕਾ ਅਤੇ ਢੱਕ ਕੇ ਰੱਖੋ। ਜੇਕਰ ਗਿੱਲੀਆਂ ਜਗ੍ਹਾ ਤੇ ਕੰਮ ਕਰਨਾ ਵੀ ਪਵੇ ਤਾਂ ਫਿਰ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੱਕ ਕੇ ਰੱਖੋ, ਸਰੀਰ ਨੂੰ ਜ਼ਿਆਦਾਤਰ ਇਨ੍ਹਾਂ ਅੰਗਾਂ ਰਾਹੀਂ ਨੁਕਸਾਨ ਹੁੰਦਾ ਹੈ। ਵਾਟਰਪਰੂਫ ਜੁੱਤੇ ਪਹਿਨੋ। ਛੋਟੇ ਬੱਚਿਆਂ ਨੂੰ ਦਸਤਾਨੇ ਪਹਿਨਾਓ, ਦਸਤਾਨੇ ਜ਼ਿਆਦਾ ਨਿੱਘ ਦਿੰਦੇ ਹਨ ਅਤੇ ਠੰਢ ਤੋਂ ਬਚਾਉਂਦੇ ਹਨ। ਠੰਢ ਤੋਂ ਬਚਣ ਲਈ ਮਫ਼ਲਰ ਅਤੇ ਟੋਪੀਆਂ ਦੀ ਇਸਤੇਮਾਲ ਕਰੋ।
ਉਹਨਾਂ ਦੱਸਿਆ ਕਿ ਜ਼ਿਆਦਾ ਦੇਰ ਤੱਕ ਤਾਪਮਾਨ ਘੱਟ ਰਹਿਣ ਕਰਕੇ ਫਰੋਸਟਬਾਈਟ ਚਿਲਬਰੇਨ, ਹਾਈਪੋਥਰਮੀਆਂ ਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ, ਜਿਸ ਸਰੀਰ ਠੰਢਾ ਪੈ ਸਕਦਾ ਹੈ, ਕਾਂਬਾ ਲੱਗਦਾ ਹੈ ਅਤੇ ਜ਼ਿਆਦਾ ਥਕਾਵਟ, ਜੁਬਾਨ ਦੀ ਕੰਬਣੀ ਤੋਂ ਇਲਾਵਾ ਯਾਦਾਸ਼ਤ ਵੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਓ। ਇਮਿਊਨਿਟੀ ਬਣਾਈ ਰੱਖਣ ਲਈ ਵਿਟਾਮਿਨ—ਸੀ ਨਾਲ ਭਰਪੂਰ ਫ਼ਲ ਅਤੇ ਸਬਜੀਆਂ ਖਾਓ।
ਰੋਜ਼ਾਨਾ ਗਰਮ ਤਰਲ ਪਦਾਰਥ ਪੀਓ, ਕਿਉੁਂਕਿ ਇਹ ਠੰਢ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਦੇ ਹਨ। ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਚਮੜੀ ਤੇ ਤੇਲ, ਪੈਟਰੋਲੀਅਮ ਜੈਲੀ ਅਤੇ ਬੋਡੀ ਕਰੀਮਾਂ ਲਗਾਓ।ਵਗਦੇ ਅਤੇ ਬੰਦ ਨੱਕ, ਖਾਂਸੀ, ਪੈਰਾਂ ਅਤੇ ਹੱਥਾਂ ਦੀ ਉਂਗਲਾ ਦਾ ਸੁੰਨ ਹੋਣਾ, ਪੀਲਾ ਜਾ ਚਿੱਟਾ ਪੈਣਾ, ਕੰਨ ਅਤੇ ਨੱਕ ਦੇ ਸਿਰੇ ਦਾ ਸੁੰਨ ਹੋਣਾ, ਅਜਿਹੇ ਲੱਛਣ ਆਉਣ ਤਾਂ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਠੰਢ ਨਾਲ ਪ੍ਰਭਾਵਿਤ ਸਰੀਰ ਦੇ ਹਿੱਸਿਆਂ ਨੂੰ ਗੁੰਨਗਨੇ ਪਾਣੀ ਨਾਲ ਇਲਾਜ ਕਰੋ। ਕੰਬਣੀ ਨੂੰ ਨਜ਼ਰਅੰਦਾਜ਼ ਨਾ ਕਰੋ।
ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਨੇ ਕਿਹਾ ਕਿ ਸ਼ੀਤ ਲਹਿਰ ਦੇ ਲੰਬੇ ਸੰਪਰਕ ਤੋਂ ਬਚੋ। ਸ਼ਰਾਬ ਨਾ ਪੀਓ। ਇਹ ਤੁਹਾਡੇ ਸਰੀਰਕ ਤਾਪਮਾਨ ਨੂੰ ਘਟਾਉਂਦਾ ਹੈ। ਇਹ ਤੁਹਾਡੀਆਂ ਖੂਨ ਨਾੜੀਆਂ ਨੂੰ ਤੰਗ ਕਰਦਾ ਹੈ, ਖਾਸ ਕਰਕੇ ਹੱਥਾਂ ਦੀਆਂ, ਜ਼ੋ ਹਾਈਪੋਥਰਮੀਆਂ ਦੇ ਰਿਸਕ ਨੂੰ ਵਧਾਉਂਦਾ ਹੈ।ਸਰੀਰ ਦੇ ਠੰਢਕ ਨਾਲ ਪ੍ਰਭਾਵਿਤ ਹਿੱਸਿਆਂ ਤੇ ਮਾਲਸ਼ ਨਾ ਕਰੋ, ਜਿਸ ਨਾਲ ਹੋਰ ਨੁਕਸਾਨ ਹੋਣ ਦਾ ਖਤਰਾ ਹੈ।ਕੰਬਣੀ ਨੂੰ ਨਜ਼ਰਅੰਦਾਜ਼ ਨਾ ਕਰੋ, ਸਰੀਰ ਅੰਦਰਲਾ ਤਾਪਮਾਨ ਘੱਟ ਹੋਣ ਦੀ ਇਹ ਪਹਿਲੀ ਨਿਸ਼ਾਨੀ ਹੈ। ਪ੍ਰਭਾਵਿਤ ਵਿਅਕਤੀ ਨੂੰ ਕੋਈ ਵੀ ਤਰਲ ਪਦਾਰਥ ਨਾ ਦਿਓ, ਜਦੋਂ ਤੱਕ ਉਹ ਪੂਰੀ ਤਰ੍ਹਾਂ ਸੁਚੇਤ ਨਹੀਂ ਹੁੰਦਾ। ਸ਼ੀਤ ਲਹਿਰ ਸਬੰਧੀ ਸਥਾਨਿਕ ਮੌਸਮ ਦੀ ਭਵਿੱਖਬਾਣੀ ਲਈ ਰੇਡੀਓ, ਜਾਂ ਟੀ.ਵੀ. ਸੁਣੋ ਜਾਂ ਅਖਬਾਰਾਂ ਪੜ੍ਹੋ।
ਉਹਨਾਂ ਸਕੂਲ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੀਤ ਲਹਿਰ ਸਬੰਧੀ ਨਿਯਮਿਤ ਤੌਰ ਤੇ ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰਨ। ਇਸ ਸਮੇਂ ਮਾਸ ਮੀਡੀਆ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ, ਰੋਹਿਤ ਸਟੈਨੋ ਹਾਜ਼ਰ ਸਨ।