ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਵੰਡੀਆਂ ਡਿਗਰੀਆਂ
ਅਸ਼ੋਕ ਵਰਮਾ
ਬਠਿੰਡਾ, 11 ਮਾਰਚ 2025: ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਸਥਾਨਕ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਪੜਾਅ ਦੇ ਪੂਰਾ ਹੋਣ ਤੇ ਦੂਜੇ ਪੜਾਅ ਦੀ ਸ਼ੁਰੂਆਤ ਦਾ ਮੌਕਾ ਹੁੰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਵਿਦਿਆਰਥੀ ਆਪਣੇ ਆਚਰਣ ਅਤੇ ਯੋਗਦਾਨ ਰਾਹੀਂ ਇਸ ਯੂਨੀਵਰਸਿਟੀ ਤੋਂ ਇਲਾਵਾ ਆਪਣੇ ਪਰਿਵਾਰਾਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਇਸ ਦੌਰਾਨ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਉਤਸੁਕਤਾ, ਮੌਲਿਕਤਾ, ਨੈਤਿਕਤਾ, ਦੂਰਅੰਦੇਸ਼ੀ ਅਤੇ ਸਹਿਜਤਾ ਆਦਿ ਚੰਗੀਆਂ ਚੀਜ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਨੇ ਕਿਹਾ ਕਿ ਉਤਸੁਕਤਾ ਵਿਅਕਤੀ ਨੂੰ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਉਤਸੁਕ ਰੱਖਦੀ ਹੈ। ਉਤਸੁਕ ਲੋਕ ਆਪਣੀ ਸਾਰੀ ਜ਼ਿੰਦਗੀ ਨਵੀਆਂ ਚੀਜ਼ਾਂ ਸਿੱਖਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਨੂੰ ਸਹੀ ਢੰਗ ਨਾਲ ਸਮਝਣ ਤੋਂ ਬਾਅਦ ਉਸ ਵਿਸ਼ੇ ਜਾਂ ਕਿਸੇ ਹੋਰ ਖੇਤਰ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਲਿਕਤਾ ਇੱਕ ਵਿਲੱਖਣ ਪਛਾਣ ਪ੍ਰਦਾਨ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਨੈਤਿਕਤਾ ਇੱਕ ਅਰਥਪੂਰਨ ਜੀਵਨ ਦੀ ਨੀਂਹ ਹੈ।
ਇੱਕ ਚੰਗਾ ਇਨਸਾਨ ਹੋਣਾ ਇੱਕ ਸਫਲ ਇਨਸਾਨ ਹੋਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਜਾਂ ਕੰਮ ਵਿੱਚ ਜੋ ਵੀ ਮੌਕੇ ਚੁਣਦੇ ਹਨ, ਉਹ ਤੁਰੰਤ ਲਾਭ 'ਤੇ ਨਹੀਂ, ਸਗੋਂ ਆਪਣੀਆਂ ਯੋਗਤਾਵਾਂ ਅਤੇ ਰੁਚੀਆਂ ਨੂੰ ਸਥਾਈ ਤਰੀਕੇ ਨਾਲ ਵਰਤਣ ਦੀ ਸੰਭਾਵਨਾ 'ਤੇ ਅਧਾਰਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਹਿਜਤਾ ਇੱਕ ਕੀਮਤੀ ਗੁਣ ਹੈ। ਇਸ ਦੇ ਕਈ ਪਹਿਲੂ ਹਨ। ਘਮੰਡ ਜਾਂ ਦਿਖਾਵੇ ਤੋਂ ਬਚਣਾ ਇਸਦਾ ਇੱਕ ਪਹਿਲੂ ਹੈ। ਸ਼ਬਦਾਂ ਅਤੇ ਕੰਮਾਂ ਵਿੱਚ ਇਕਸਾਰਤਾ ਸਹਿਜਤਾ ਦਾ ਇੱਕ ਹੋਰ ਪਹਿਲੂ ਹੈ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਵੀ ਸਹਿਜਤਾ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਦਿਆਰਥੀ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦਾ ਅਧਿਆਪਕ ਭਾਈਚਾਰਾ ਭਾਰਤ ਦੀ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਬ-ਭਾਰਤੀ ਪ੍ਰਤੀਨਿਧਤਾ ਇਸ ਯੂਨੀਵਰਸਿਟੀ ਦੀ ਇੱਕ ਸ਼ਲਾਘਾਯੋਗ ਵਿਸ਼ੇਸ਼ਤਾ ਹੈ। ਅਜਿਹੇ ਸੰਸਥਾਨ ਸਾਡੇ ਦੇਸ਼ ਦੇ ਜੀਵੰਤ ਸੱਭਿਆਚਾਰ ਦੇ ਪ੍ਰਤੀਨਿਧ ਹਨ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਜੀ ਦਾ ਬਠਿੰਡਾ ਵਿਖੇ ਪਹੁੰਚਣ 'ਤੇ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ, ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਤਲਵੰਡੀ ਸਾਬੋ ਤੇ ਚੀਫ਼ ਵਿਪ ਪ੍ਰੋ ਬਲਜਿੰਦਰ ਕੌਰ, ਨਗਰ ਨਿਗਮ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ, ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਮਨਜੀਤ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਸਪੈਸ਼ਲ ਡੀ.ਜੀ.ਪੀ ਸ਼੍ਰੀ ਜਤਿੰਦਰ ਜੈਨ, ਏਡੀਜੀਪੀ ਸ਼੍ਰੀ ਐੱਸਪੀਐੱਸ ਪਰਮਾਰ, ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐੱਸਐੱਸਪੀ ਮੈਡਮ ਅਮਨੀਤ ਕੌਂਡਲ ਨੇ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ।
ਇਸ ਮੌਕੇ ਸੈਂਟਰਲ ਯੂਨੀਵਰਸਿਟੀ ਘੁੱਦਾ ਦੇ ਵਾਇਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ, ਚਾਂਸਲਰ ਪ੍ਰੋ. ਜਗਬੀਰ ਸਿੰਘ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।