ਬੀਬੀ ਮਾਣੂੰਕੇ ਵੱਲੋ ਸਰਕਾਰੀ ਸਕੂਲ ਆਫ ਐਮੀਨੈਂਸ ਜਗਰਾਉਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ
ਦੀਪਕ ਜੈਨ
ਜਗਰਾਉਂ, 7 ਅਪ੍ਰੈਲ 2025 - ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰੱਚਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਜਗਰਾਉ ਵਿੱਚ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵਲੋ ਸਰਕਾਰੀ ਸਕੂਲ ਆਫ ਐਮੀਨੈੰਸ ਜਗਰਾਉ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੁਹਿੰਮ ਅਧੀਨ ਆਧੁਨਿਕ ਸਹੂਲਤਾਂ ਨਾਲ ਤਿਆਰ ਵਾਸ਼ ਰੂਮ ਦਾ ਉਦਘਾਟਨ ਕੀਤਾ ਗਿਆ।ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਸਬੰਧੀ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿੱਚ ਬਿਹਤਰ ਬਣਾਉਣਗੇ। ਇਸ ਦੌਰਾਨ ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਨੇ ਵੀ ਪੰਜਾਬ ਸਰਕਾਰ ਦੇ ਇਸ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਲੱਗੀਆਂ ਹਨ ਅਜਿਹੀਆਂ ਸਹੂਲਤਾਂ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਮਿਲੀਆਂ।ਆਪ ਪਾਰਟੀ ਦੇ ਬਲਾਕ ਸਿੱਖਿਆ ਕੋਆਰਡੀਨੇਟਰ ਸ.ਪਰਮਿੰਦਰ ਸਿੰਘ (ਨੈਸ਼ਨਲ ਅਵਾਰਡੀ) ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 118 ਮੌਜੂਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਦੋਂ ਕਿ 14 ਸਕੂਲ ਆਫ਼ ਐਮੀਨੈਂਸ ਸਕੂਲ ਪਹਿਲਾਂ ਹੀ ਲੋਕ ਅਰਪਣ ਕੀਤੇ ਜਾ ਚੁੱਕੇ ਹਨ। ਇਹ ਸਕੂਲ ਉੱਤਮਤਾ ਦੇ ਕੇਂਦਰ ਹੋਣਗੇ, ਜੋ ਸੰਸਥਾਵਾਂ ਵਿੱਚ ਪੀਅਰ ਲਰਨਿੰਗ ਨੂੰ ਸਮਰੱਥ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਅਤੇ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਸਮਕਾਲੀ ਸਿੱਖਣ ਦੇ ਨਵੇਂ ਅਭਿਆਸਾਂ ਰਾਹੀਂ ਸਾਡੇ ਬੱਚਿਆਂ ਦੇ ਸਿੱਖਣ ਸਬੰਧੀ ਤਜ਼ਰਬਿਆਂ ਵਿੱਚ ਵਾਧਾ ਕਰਨਗੇ। ਸਕੂਲ ਆਫ਼ ਐਮੀਨੈਂਸ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਸਾਰੇ ਵਿਦਿਅਕ ਵਿਸ਼ਿਆਂ ਸਬੰਧੀ ਸਿੱਖਿਆ ਦੇਣੀ ਸ਼ੁਰੂ ਕੀਤੀ ਗਈ ਹੈ।
ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਕੂਲ ਸਿੱਖਿਆ ਕੋਆਡੀਨੇਟਰ ਲਵਲੀਨ ਕੌਰ ਜੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਥਿਆਰਬੰਦ ਬਲਾਂ ਵਿੱਚ ਨੌਕਰੀ ਲਈ ਤਿਆਰੀ, ਨੀਟ, ਜੇ.ਈ.ਈ., ਸੀ.ਐਲ.ਏ.ਟੀ., ਐਨ.ਆਈ.ਐਫ.ਟੀ. ਆਦਿ ਵਰਗੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਆਨਲਾਈਨ/ਆਫਲਾਈਨ ਕੋਚਿੰਗ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਦੇ ਪ੍ਰਬੰਧਨ ਲਈ ਸ਼੍ਰੀਮਤੀ ਨਿਰਮਲ ਕੌਰ ਪੰਜਾਬੀ ਲੈਕਚਰਾਰ ਦਾ ਧੰਨਵਾਦ ਕੀਤਾ ਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ. ਗੁਰਕ੍ਰਿਪਾਲ ਸਿੰਘ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਾਸਟਰ ਰਾਮ ਕੁਮਾਰ,ਤਰਸੇਮ ਸਿੰਘ,ਤੀਰਥ ਸਿੰਘ,ਰਿਟਾਇਰਡ ਲੈਕਚਰਾਰ ਜਗਰੂਪ ਸਿੰਘ, ਅਮਨਪ੍ਰੀਤ ਸਿੰਘ,ਰਾਜੀਵ ਦੁਆ,ਅੰਮ੍ਰਿਤ ਕੌਰ,ਅਵਤਾਰ ਕੌਰ,ਪੁਸ਼ਪਿੰਦਰ ਕੌਰ,ਕਮਲ ਸ਼ਰਮਾ,ਚਰਨਪ੍ਰੀਤ ਸਿੰਘ,ਬਲਕਰਨ ਸਿੰਘ,ਅਰਵਿੰਦਰ ਸਿੰਘ,ਪਰਮਦੀਪ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।