ਬਠਿੰਡਾ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਦਾ ਭਰਾ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ 7 ਅਪ੍ਰੈਲ 2025 : ਬਠਿੰਡਾ ਪੁਲਿਸ ਨੇ ਖਤਰਨਾਕ ਗੈਂਗਸਟਰ ਨੀਰਜ ਚਸਕਾ ਦੇ ਭਰਾ ਪਵਨਦੀਪ ਕੁਮਾਰ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਬਠਿੰਡਾ ਪੁਲਿਸ ਦੇ ਡੀਐਸਪੀ ਸਿਟੀ ਸਰਬਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਥਰਮਲ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਰੋਕਿਆ ਸੀ। ਇਸ ਮੌਕੇ ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 32 ਬੋਰ ਦੇ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਵਨਦੀਪ ਕੁਮਾਰ ਪੁੱਤਰ ਸਾਜਨ ਗੁਪਤਾ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ ਵਜੋਂ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਿਅਕਤੀ ਨੇ ਕੋਈ ਵਾਰਦਾਤ ਕਰਨੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਪੁਲਿਸ ਦੇ ਹੱਥੇ ਚੜ੍ਹ ਗਿਆ। ਉਹਨਾਂ ਦੱਸਿਆ ਕਿ ਪਵਨਦੀਪ ਦਾ ਭਰਾ ਨੀਰਜ ਚਸਕਾ ਖਤਰਨਾਕ ਗੈਂਗਸਟਰ ਹੈ ਜਿਸ ਤੇ ਕਾਫੀ ਸੰਗੀਨ ਜੁਰਮਾਂ ਤਹਿਤ ਕੇਸ ਦਰਜ ਹਨ ਅਤੇ ਅੱਜਕੱਲ ਉਹ ਜੇਲ੍ਹ ਵਿੱਚ ਬੰਦ ਹੈ। ਉਹਨਾਂ ਦੱਸਿਆ ਕਿ ਪੁਲਿਸ ਪਵਨਦੀਪ ਬਾਰੇ ਵੀ ਜਾਣਕਾਰੀ ਹਾਸਿਲ ਕਰੇਗੀ ਕਿ ਕੀ ਉਸ ਖਿਲਾਫ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ। ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।