ਨਗਰ ਨਿਗਮ ਬਠਿੰਡਾ ਦੇ ਮੇਅਰ ਵੱਲੋਂ ਆਈਐਚਐਮ ਦੇ ਦੋ ਰੋਜ਼ਾ ਫੂਡ ਅਤੇ ਕਲਚਰਲ ਮੇਲੇ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 15 ਫਰਵਰੀ 2025 :ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਵੱਲੋਂ ਹੁਨਰ ਤੋਂ ਰੋਜ਼ਗਾਰ ਤੱਕ ਮੁਹਿਮ ਦੇ ਤਹਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਲਾਏ ਦੋ ਰੋਜ਼ਾ ਫੂਡ ਅਤੇ ਕਲਚਰਲ ਮੇਲੇ ਦੇ ਅੱਜ ਪਹਿਲੇ ਦਿਨ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਮੇਲੇ ਦਾ ਰਿਬਨ ਕੱਟ ਕੇ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਰਾਸਤ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਤੂੰ ਇਲਾਵਾ ਆਈਐਚਐਮ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ, ਐਚਓਡੀ ਅਭੀਕ ਪ੍ਰਮਾਣਿਕ, ਐਡਮਿਨ ਕੋਆਪਰੇਟਰ ਇਵੈਂਟ ਰੀਤੂ ਬਾਲਾ, ਐਡਮਿਨ ਆਫਿਸਰ ਰਾਜ ਸਿੰਗਲਾ, ਵਿਸ਼ਾਲ, ਆਸ਼ੀਸ਼, ਮੋਨੂੰ ਅਤੇ ਸਟਾਫ ਮੌਜੂਦ ਸੀ। ਇਸ ਮੇਲੇ ਵਿੱਚ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ 'ਤੇ ਰੰਗਾਂ ਰੰਗ ਪ੍ਰੋਗਰਾਮ ਦੇ ਤਹਿਤ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਮੇਅਰ ਨੂੰ ਫੁੱਲਾਂ ਦਾ ਗਮਲਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਆਈਐਚਐਮ ਤੋਂ ਸਿੱਖਿਆ ਪ੍ਰਾਪਤ ਕਰਕੇ ਆਪਣਾ ਰੋਜ਼ਗਾਰ ਕਰ ਰਹੇ ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਖਾਣ ਵਾਲੀਆਂ ਚੀਜ਼ਾਂ ਦੀਆਂ ਸਟਾਲਾਂ ਲਾਈਆਂ ਹੋਈਆਂ ਸਨ। ਮੇਅਰ ਨੇ ਇਨ੍ਹਾਂ ਸਟਾਲਾਂ ਤੇ ਪਹੁੰਚ ਕੇ ਖਾਣ ਵਾਲੀਆਂ ਚੀਜ਼ਾਂ ਦਾ ਜਾਇਕਾ ਲਿਆ। ਇਸ ਦੌਰਾਨ ਆਈਐਚਐਮ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਰੁਜ਼ਗਾਰ ਸਬੰਧੀ ਸਟਾਲਾਂ ਵੀ ਲਗਾਈਆਂ ਗਈਆਂ ਸਨ। ਮੇਅਰ ਨੇ ਇਸ ਦੌਰਾਨ ਆਈਐਚਐਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰ ਤੋਂ ਰੋਜ਼ਗਾਰ ਤੱਕ ਮੁਹਿੰਮ ਦੇ ਤਹਿਤ ਆਈਐਚਐਮ ਵੱਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਰਿਹਾ ਹੈ, ਜੋ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਦੇ ਤਹਿਤ ਆਈਐਚਐਮ ਵੱਲੋਂ ਮੁਫਤ ਵਿੱਚ ਵੀ ਕਈ ਕੋਰਸ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹਨਾਂ ਕੋਰਸਾਂ ਦਾ ਨੌਜਵਾਨਾਂ ਵੱਲੋਂ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ, ਤਾਂ ਜੋ ਸਮਾਜ ਵਿੱਚੋਂ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਮੇਲੇ ਵਿੱਚ ਆਈਐਚਐਮ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਤਿਆਰ ਕੀਤੀਆਂ ਖਾਣ ਵਾਲੀਆਂ ਚੀਜ਼ਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਦਾ ਬਠਿੰਡਾ ਵਾਸੀਆਂ ਨੂੰ ਮੇਲੇ ਵਿੱਚ ਪਹੁੰਚ ਕੇ ਆਨੰਦ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਆਮ ਜਨਤਾ ਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਕਤ ਦੋ ਰੋਜ਼ਾ ਮੇਲੇ ਵਿੱਚ ਪਹੁੰਚ ਕੇ ਆਈਐਚਐਮ ਵੱਲੋਂ ਰੁਜ਼ਗਾਰ ਦੇਣ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਕੋਸ਼ਿਸ਼ ਕਰਨ।