ਢੱਕੀ ਸਾਹਿਬ ਵਾਲਿਆਂ ਦੇ ਜੱਥੇ ਨੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਣਿਆ
ਰਵਿੰਦਰ ਸਿੰਘ ਢਿੱਲੋਂ
ਖੰਨਾ , 23 ਦਸੰਬਰ 2024 :
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਵਲੋਂ ਉਨ੍ਹਾਂ ਦੇ ਹਜ਼ੂਰੀ ਜੱਥੇ ਦੇ ਸਿੰਘ ਭਾਈ ਗੁਰਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਚਮਕੌਰ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਜੀਤ ਸਿੰਘ ਨੇ ਖਨੌਰੀ ਬਾਰਡਰ ਸਥਿੱਤ ਕਿਸਾਨ ਜਥੇਬੰਦੀ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨੀ ਮੰਗਾਂ ਲਈ ਪਿਛਲੇ 25 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਹਨ ਉਨ੍ਹਾ ਦੀ ਸਿਹਤ ਸਬੰਧੀ ਹਾਲ-ਚਾਲ ਜਾਨਣ ਲਈ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਸ੍ਰ: ਡੱਲੇਵਾਲ ਨੂੰ ਮਹਾਂਪੁਰਸ਼ਾਂ ਵਲੋਂ ਫਤਿਹ ਸਾਝੀ ਕਰਨ ਉਪਰੰਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਨਾਲ ਜੁੜੀਆਂ ਸੰਗਤਾਂ ਵੱਲੋਂ ਕਿਸਾਨ ਮੋਰਚੇ ਨੂੰ ਪੂਰਨ ਹਮਾਇਤ ਦਿੰਦੇ ਰਹਿਣ ਦਾ ਭਰੋਸਾ ਦਿੱਤਾ।
ਮਹਾਂਪੁਰਸ਼ਾਂ ਦੇ ਹਜ਼ੂਰੀ ਜੱਥੇ ਨੇ ਸਰਦਾਰ ਡੱਲੇਵਾਲ ਦੇ ਸਹਿਯੋਗੀ ਕਿਸਾਨ ਆਗੂਆਂ ਸੁਖਦੇਵ ਸਿੰਘ ਗੁਰਦਾਸਪੁਰ, ਕਰਮਜੀਤ ਸਿੰਘ ਕੋਟ ਆਗਾਂ, ਸਪਿੰਦਰ ਸਿੰਘ ਲੱਲ ਕਲਾਂ ਤੇ ਸੁਖਦੇਵ ਸਿੰਘ ਮੋਹੀ ਨਾਲ ਮੋਰਚੇ ਸਬੰਧੀ ਗੱਲਬਾਤ ਕਰਦਿਆਂ ਸਰਦਾਰ ਡੱਲੇਵਾਲ ਦੀ ਵਿਗੜਦੀ ਸਿਹਤ ਦੀ ਚਿੰਤਾ ਵੀ ਪ੍ਰਗਟਾਈ। ਉਹਨਾਂ ਸਰਕਾਰ ਦੇ ਅੜੀਅਲ ਰਵੱਈਏ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੇਸ਼ ਦੀ ਆਰਥਿਕਤਾ ਰੂਪੀ ਰੀੜ੍ਹ ਦੀ ਹੱਡੀ ਕਿਸਾਨੀ ਕਿੱਤੇ ਨੂੰ ਸਲਾਮਤ ਰੱਖਣ ਲਈ ਕਿਸਾਨਾਂ ਦੇ ਹੱਕ ਦੇਣ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਨਾਂ ਸ੍ਰ: ਡੱਲੇਵਾਲ ਅਤੇ ਕਿਸਾਨਾਂ ਦੇ ਸਿਰੜ ਦੀ ਸਲਾਘਾ ਕਰਦਿਆਂ ਕਿਹਾ ਕਿ ਕਿਵੇਂ ਤਿੱਖੜ ਧੁੱਪਾਂ ਅਤੇ ਠੰਢੀਆਂ ਕਕਰੀਲੀਆਂ ਰਾਤਾਂ ਨੂੰ ਵੀ ਦ੍ਰਿੜਤਾ ਨਾਲ ਡਟੇ ਹੋਏ ਹਨ। ਉਹਨਾਂ ਮਹਾਂਪੁਰਸ਼ਾਂ ਵੱਲੋਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਸਿਰੜ ਦਾ ਹੋਰ ਇਮਤਿਹਾਨ ਲੈਣ ਦੀ ਬਜਾਏ ਸਿਰੜੀ ਕਿਸਾਨ ਆਗੂਆਂ ਦੀ ਸਲਾਮਤੀ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਕਿ ਕਿਸਾਨ ਆਪਣੀ ਫਸਲ ਅਤੇ ਆਪਣੇ ਪਰਿਵਾਰਾਂ ਵਿੱਚ ਆਨੰਦ ਨਾਲ ਹੱਸਦੇ-ਵੱਸਦੇ ਹੋਣ, ਇਹ ਤਦ ਸੰਭਵ ਹੋਵੇਗਾ ਜੇਕਰ ਸਰਕਾਰਾਂ ਕਿਸਾਨੀ ਕਿੱਤੇ ਪ੍ਰਤੀ ਸਕਰਾਤਮਿਕ ਸੋਚ ਨਾਲ ਕਾਰਜ਼ਸ਼ੀਲ ਹੋਣ ਅਤੇ ਜਿਣਸਾਂ ਦੇ ਉਚਿੱਤ ਮੁੱਲ ਮਿਲਣ । ਉਨ੍ਹਾਂ ਦੁੱਖ ਪ੍ਰਗਟਾਇਆ ਕਿ ਦੇਸ਼ ਦੇ ਅੰਨ ਦਾਤੇ ਕਿਸਾਨ ਲੰਮੇ ਸਮੇਂ ਤੋਂ ਮਜਬੂਰਨ ਹੱਕਾਂ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ।