ਗਰੀਬ ਦੇ ਘਰ ਢਾਉਂਣ ਦੀ ਵੀਡੀਓ ਹੋਈ ਵਾਇਰਲ
ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਬਣਾਉਣਾ ਸ਼ੁਰੂ ਕੀਤਾ ਨਵਾਂ ਘਰ
ਰੋਹਿਤ ਗੁਪਤਾ
ਗੁਰਦਾਸਪੁਰ , 23 ਦਸੰਬਰ 2024 :
.ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਬੀਤੀ 14 ਦਿਸੰਬਰ ਨੂੰ ਸਾਹਮਣੇ ਆਇਆ ਸੀ ਜਿਥੇ ਇਕ ਗਰੀਬ ਪਰਿਵਾਰ ਦਾ ਘਰ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਢਹਿਢੇਰੀ ਕਰਕੇ ਮਲਬੇ ਚ ਤਬਦੀਲ ਕਰ ਦਿੱਤਾ ਗਿਆ ਸੀ । ਪਰਿਵਾਰ ਦੀ ਵੀਡੀਓ ਤੇਜੀ ਨਾਲ ਵਾਇਰਲ ਹੋਈ ਸੀ। ਦੋ ਬੱਚਿਆਂ ਨਾਲ ਠੰਡ ਵਿੱਚ ਢਠੇ ਪਏ ਘਰ ਵਿੱਚ ਬੈਠੀ ਮਜਬੂਰ ਔਰਤ ਦੇ ਹਾੜੇ ਤੇ ਵੈਣ ਸੁਣ ਕੇ ਹਰ ਇਕ ਦਾ ਹਿਰਦਾ ਵਲੂੰਧਰਿਆ ਗਿਆ ਸੀ ਅਤੇ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਪੀੜਿਤ ਪਰਿਵਾਰ ਦੇ ਹੱਕ ਵਿੱਚ ਉਤਰਨ ਤੋਂ ਬਾਅਦ ਪੁਲਿਸ ਵੱਲੋਂ ਵੀ ਪਿੰਡ ਦੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪਿੰਡ ਦੀ ਪੰਚਾਇਤ ਦਾ ਬਿਆਨ ਸਾਹਮਣੇ ਆਇਆ ਸੀ ਕਿ ਇਸ ਪਰਿਵਾਰ ਨੇ ਨਾਜਾਇਜ਼ ਤੌਰ ਤੇ ਜਮੀਨ ਤੇ ਕਬਜ਼ਾ ਕਰ ਰੱਖਿਆ ਹੈ ਅਤੇ ਨਜਾਇਜ਼ ਕਬਜ਼ਾ ਛੁਡਾਉਣ ਦੀ ਕਾਰਵਾਈ ਪੰਚਾਇਤ ਦੀ ਸਹਿਮਤੀ ਨਾਲ ਕੀਤੀ ਗਈ ਸੀ। ਪਰ ਹੁਣ ਸਿੱਖ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਇਸ ਪਰਿਵਾਰ ਦੇ ਹੰਝੂ ਪੂੰਜਣ ਆ ਗਏ ਹਨ ਅਤੇ ਉਸਦਾ ਘਰ ਉਸੇ ਹੀ ਜਗ੍ਹਾ ਤੇ ਨਵੇਂ ਸਿਰੇ ਤੋਂ ਬਣਾ ਕੇ ਦੇਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਪੀੜਿਤ ਪਰਿਵਾਰ ਇਹਨਾਂ ਸਮਾਜ ਸੇਵੀਆਂ ਦਾ ਧੰਨਵਾਦ ਕਰਦੇ ਨੇ ਹੀ ਥੱਕ ਰਿਹਾ ਹੈ ।