ਗਰਭਵਤੀ ਔਰਤਾਂ ਦੇ ਰੂਟੀਨ ਏ.ਐੱਨ.ਸੀ. ਚੈਕਅੱਪ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਡਾ. ਗੀਤਾਂਜਲੀ ਸਿੰਘ
- ਸੀਨੀਅਰ ਮੈਡੀਕਲ ਅਫਸਰ ਨੇ ਆਯੂਸ਼ਮਾਨ ਆਰੋਗਿਆ ਕੇੰਦਰ, ਜੱਬੋਵਾਲ ਤੇ ਭਾਰਟਾ ਖੁਰਦ ਵਿਖੇ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 08 ਫਰਵਰੀ,2025
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।
ਇਸੇ ਕੜੀ ਤਹਿਤ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਸਨਿੱਚਰਵਾਰ ਨੂੰ ਆਯੂਸ਼ਮਾਨ ਆਰੋਗਿਆ ਕੇੰਦਰ, ਜੱਬੋਵਾਲ ਤੇ ਭਾਰਟਾ ਖੁਰਦ ਦਾ ਦੌਰਾ ਕਰਕੇ ਜੱਚਾ-ਬੱਚਾ ਸਿਹਤ ਸੇਵਾਵਾਂ ਤੇ ਨਿਯਮਤ ਟੀਕਾਕਰਨ ਪ੍ਰੋਗਰਾਮ ਸਮੇਤ ਸਮੁੱਚੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਗਰਭਵਤੀ ਔਰਤਾਂ ਦੇ ਰੂਟੀਨ ਏ.ਐੱਨ.ਸੀ. ਚੈਕਅੱਪ ਕਰਵਾਉਣ ਸਮੇਤ ਸੰਸਥਾਗਤ ਡਿਲੀਵਰੀ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ। ਇਸੇ ਦੌਰਾਨ ਉਨ੍ਹਾਂ ਕੋਲਡਚੇਨ ਪੁਆਇੰਟ 'ਤੇ ਵੈਕਸੀਨ ਦੇ ਰੱਖ-ਰਖਾਵ ਨੂੰ ਵੀ ਦੇਖਿਆ। ਉਨ੍ਹਾਂ ਸਾਫ-ਸਫਾਈ ਦੇ ਪ੍ਰਬੰਧਾਂ ਨੂੰ ਵੀ ਚੈੱਕ ਕੀਤਾ।
ਉਨ੍ਹਾਂ ਆਯੂਸ਼ਮਾਨ ਆਰੋਗਿਆ ਕੇੰਦਰ, ਜੱਬੋਵਾਲ ਤੇ ਭਾਰਟਾ ਖੁਰਦ ਵਿਖੇ ਨੈਸ਼ਨਲ ਕੁਆਲਿਟੀ ਅਸੋਰੈਂਸ ਸਟੈਂਡਰਡਸ ਪ੍ਰੋਗਰਾਮ ਦੇ ਮਾਪਦੰਡਾਂ ਤਹਿਤ ਮੈਡੀਕਲ ਰਿਕਾਰਡ ਦੀ ਸਮੀਖਿਆ ਕੀਤੀ। ਉਨ੍ਹਾਂ ਕੇੰਦਰ ਵਿਖੇ ਨਿਰਧਾਰਿਤ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਡਾ. ਗੀਤਾਂਜਲੀ ਸਿੰਘ ਨੇ ਇਸ ਸਿਹਤ ਕੇਂਦਰ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ।
ਡਾ. ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਤੇ ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।