ਸਿਵਲ ਪਸ਼ੂ ਹਸਪਤਾਲ, ਟਾਹਲੀਵਾਲਾ ਜੱਟਾਂ ਵਿਖੇ ਲਗਾਇਆ ਅਸਕੈਡ ਕੈਂਪ
ਵਿਭਾਗ ਵਿਚ ਚੱਲ ਰਹੀਆਂ ਸਕੀਮਾਂ, ਦਿੱਤੀਆਂ ਜਾ ਰਹੀਆਂ ਸੇਵਾਵਾਂ, ਵਧੇਰੇ ਦੁੱਧ ਉਤਪਾਦਨ ਦੇ ਤਰੀਕਿਆਂ ਬਾਰੇ ਦੱਸਿਆ
ਪਸ਼ੂਆਂ ਦੀ ਸਾਂਭ ਸੰਭਾਲ, ਪਸ਼ੂਆਂ ਦੀ ਬਿਮਾਰੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਤੋਂ ਜਾਣੂ ਕਰਵਾਇਆ
ਫਾਜ਼ਿਲਕਾ, 23 ਦਸੰਬਰ
ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਫਾਜ਼ਿਲਕਾ ਡਾ਼ ਰਜੀਵ ਛਾਬੜਾ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਵੱਲੋਂ ਅਸਕੈਡ ਕੈਂਪ (ਅਸਿਸਟੈਂਸ ਟੂ ਸਟੇਟਸ ਫੋਰ ਕੰਟਰੋਲ ਆਫ ਐਨੀਮਲ ਡਿਜੀਜ) ਸਿਵਲ ਪਸ਼ੂ ਹਸਪਤਾਲ, ਟਾਹਲੀਵਾਲਾ ਜੱਟਾਂ ਵਿਖੇ ਲਗਾਇਆ ਗਿਆ।
ਇਸ ਕੈਂਪ ਵਿੱਚ ਸੀਨੀਅਰ ਵੈਟਰਨਰੀ ਅਫਸਰ ਫਾਜ਼ਿਲਕਾ ਡਾਕਟਰ ਵਿਜੈ ਕੁਮਾਰ, ਸਿਵਿਲ ਪਸ਼ੂ ਹਸਪਤਾਲ ਟਾਹਲੀਵਾਲਾ ਜੱਟਾਂ ਦੇ ਇੰਚਾਰਜ ਡਾਕਟਰ ਦੇਵਾਂਸ਼, ਸਿਵਿਲ ਪਸ਼ੂ ਹਸਪਤਾਲ ਡੱਬਵਾਲਾ ਕਲਾਂ ਦੇ ਇੰਚਾਰਜ ਡਾਕਟਰ ਰਜਤ ਕਾਮਰਾ ਤੇ ਸਿਵਿਲ ਪਸ਼ੂ ਹਸਪਤਾਲ ਕਟੇਹਰਾ ਦੇ ਇੰਚਾਰਜ ਡਾਕਟਰ ਪਵਨ ਕੁਮਾਰ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, ਪਸ਼ੂਆਂ ਦੀ ਬਿਮਾਰੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਤੋਂ ਜਾਣੂ ਕਰਵਾਇਆ।
ਇਸ ਮੌਕੇ ਡਾਕਟਰਾਂ ਦੀ ਟੀਮ ਨੇ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ, ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਵਧੇਰੇ ਦੁੱਧ ਉਤਪਾਦਨ ਦੇ ਤਰੀਕਿਆਂ ਬਾਰੇ ਦੱਸਿਆ ਅਤੇ ਸਮੇਂ ਸਮੇਂ ਸਿਰ ਪਸ਼ੂਆਂ ਦੀ ਵੈਕਸੀਨੇਸ਼ਨ ਕਰਵਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਵੱਲੋਂ ਫਰੀ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਤਕਰੀਬਨ 70 ਪਸ਼ੂ ਪਾਲਕਾਂ ਨੇ ਹਿੱਸਾ ਲਿਆ।
ਇਸ ਮੌਕੇ ਵੈਟਰਨਰੀ ਫਾਰਮਾਸਿਸਟ ਸ੍ਰੀ ਮਨਧੀਰ ਅਤੇ ਸ੍ਰੀ ਗੁਰਦੀਪ ਸਿੰਘ ਵੀ ਹਾਜ਼ਰ ਸਨ।