ਗਾਇਕ ਜੈਜ਼ੀ ਬੀ ਦੀ ਨਵੀਂ ਸੰਗੀਤਕ ਐਲਬਮ 'ਕੋਬਰਾ' 10 ਫਰਵਰੀ ਨੂੰ ਹੋਵੇਗੀ ਰਿਲੀਜ਼
ਜਵੰਦਾ
ਚੰਡੀਗੜ੍ਹ 8 ਫਰਵਰੀ 2025 : ਪੰਜਾਬੀ ਸੰਗੀਤਕ ਇੰਡਸਟਰੀ ਦੇ ਸਦਾਬਹਾਰ ਅਤੇ ਸਟਾਇਲਿਸ਼ ਗਾਇਕ ਜੈਜ਼ੀ ਬੀ ਨੇ ਆਪਣੀ ਵਧੀਆ ਗਾਇਕੀ ਰਾਹੀਂ ਸਰੋਤਿਆਂ ਦੇ ਦਿਲਾਂ 'ਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਆਪਣੀ ਗਾਇਕੀ ਤੋਂ ਇਲਾਵਾ ਆਪਣੇ ਸਟਾਇਲਿਸ਼ ਅੰਦਾਜ਼ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ੀ ਸੰਗੀਤ ਪ੍ਰੇਮੀਆਂ ਦਾ ਵੀ ਮਨ ਮੋਹਿਆ ਹੋਇਆ ਹੈ। ਉਹ ਅੱਜ ਵੀ ਇੱਕ ਅਜਿਹੀ ਪੀੜ੍ਹੀ ਦੀ ਨੁਮਾਇੰਦਗੀ ਕਰ ਰਹੇ ਹਨ ਜੋ ਪੰਜਾਬੀ ਸੰਗੀਤ ਅਤੇ ਗਾਇਕੀ ਨੂੰ ਰੈਪ ਅਤੇ ਹਿਪ-ਹੌਪ ਨਾਲ ਮਿਲਾ ਕੇ ਗਾ ਰਹੀ ਹੈ ਜਾਂ ਇਹ ਕਹਿ ਲਵੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਨ੍ਹਾਂ ਦੀ ਗਾਇਕੀ ਨੂੰ ਪਸੰਦ ਕਰ ਰਹੀ ਹੈ।ਜੈਜ਼ੀ ਬੀ ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਤੋਰਦਿਆਂ ਹੁਣ ਆਪਣੀ ਨਵੀਂ ਸੰਗੀਤਕ ਐਲਬਮ 'ਕੋਬਰਾ' ਲੈ ਕੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈਜ਼ੀ ਬੈਂਸ ਦੇ ਪਰਮ ਮਿੱਤਰ ਗੁਰਮੁੱਖ ਸਿੰਘ ਗੋਗਾ ਧਾਲੀਵਾਲ ਨੇ ਦੱਸਿਆ ਕਿ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਹ ਨਵੀਂ ਐਲਬਮ 5 ਗੀਤਾਂ ਨਾਲ ਸਜੀ ਹੈ ਅਤੇ ਇਸ ਐਲਬਮ ਦੇ 3 ਗੀਤ 'ਕਾਤਲ ਕੋਕਾ, 'ਟੋਹਰ', 'ਪੁੱਤ ਜੱਟਾਂ ਦੇ' ਗੀਤਕਾਰ ਕਪਤਾਨ ਅਤੇ 2 ਗੀਤ 'ਨਜ਼ਾਰੇ' ਅਤੇ 'ਕੌਬਰਾ' ਗੀਤਕਾਰ ਗੁਰਜੀਤ ਗਿੱਲ ਨੇ ਲਿਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਲੈਕ ਵਾਇਰਸ ਮਿਊਜ਼ਿਕ ਵਲੋਂ ਸੰਗੀਤਕ ਧੁਨਾਂ ਨਾਲ ਸ਼ਿੰਗਾਰੀ ਇਹ ਐਲਬਮ ਜੈਜ਼ੀ ਬੀ ਰਿਕਾਰਡਸ ਅਤੇ ਦਿਨੇਸ਼ ਔਲਖ ਦੀ ਪੇਸ਼ਕਸ਼ ਹੈ। ਉਨ੍ਹਾਂ ਕਿਹਾ ਕਿ ਇਸ ਐਲਬਮ ਦੇ ਗੀਤਾਂ ਲਈ ਬੇਹੱਦ ਮਿਹਨਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਐਲਬਮ ਸੰਗੀਤਕ ਪ੍ਰੇਮੀਆਂ ਨੂੰ ਪਸੰਦ ਆਵੇਗੀ।