ਕਪਿਲ ਸ਼ਰਮਾ ਤੁਰੰਤ ਜਨਤਕ ਮੁਆਫੀ ਮੰਗੇ, ਨਹੀਂ ਤਾਂ ਬਣਦੀ ਕਾਰਵਾਈ ਲਈ ਤਿਆਰ ਰਹੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 19 ਫਰਵਰੀ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਾਸਵਿਅੰਗ ਕਲਾਕਾਰ ਕਪਿਲ ਸ਼ਰਮਾ ਵੱਲੋਂ ਬਾਬਾ ਦੀਵਾਨ ਟੋਡਰ ਮੱਲ ਦੇ ਨਾਮਪੁਰ ਕੀਤੀ ਮੰਦਭਾਗੀ ਟਿਪਣੀ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉਪਰੰਤ ਉਨ੍ਹਾਂ ਦੇ ਸਸਕਾਰ ਲਈ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਣ ਵਾਲੇ ਮਹਾਨ ਸ਼ਹੀਦ ਦੀਵਾਨ ਬਾਬਾ ਟੋਡਰ ਮਲ ਜੀ ਦਾ ਨਾਮ ਤੇ ਟਿੱਚਰ ਬਾਜ਼ੀ ਬਰਦਾਸ਼ਤ ਨਹੀਂ ਹੋ ਸਕਦੀ। ਟੀ.ਵੀ. ਦੇ ਕਾਮੈਡੀਅਨ ਕਲਾਕਾਰ ਕਪਿਲ ਸ਼ਰਮਾ ਵੱਲੋਂ ਇਕ ਸ਼ੋਅ ਦੌਰਾਨ ਸਿੱਖ ਇਤਿਹਾਸ ਤੇ ਗੁਰੂ ਘਰ ਦੇ ਸਨਮਾਨ ਜਨਕ ਸੇਵਕ ਦੀਵਾਨ ਬਾਬਾ ਟੋਡਰ ਮੱਲ ਦੇ ਨਾਮ ਦੀ ਵਰਤੋਂ ਬਹੁਤ ਅਪਮਾਨ ਜਨਕ ਤਰੀਕੇ ਨਾਲ ਕੀਤੀ ਗਈ ਹੈ। ਜਿਸ ਨਾਲ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਛਟਿਆਉਣ ਦਾ ਜਤਨ ਕੀਤਾ ਗਿਆ। ਇਸ ਨਾਲ ਸਮੁਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਭਾਰੀ ਠੇਸ ਵੱਜੀ ਹੈ।
ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਪੰਜਾਬ ਦਾ ਜੰਮਪਲ ਅਤੇ ਸਿੱਖ ਇਤਿਹਾਸ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਉਸ ਵੱਲੋਂ ਸਤਿਕਾਰਤ ਦੀਵਾਨ ਬਾਬਾ ਟੋਡਰਮੱਲ ਜੀ ਦੇ ਨਾਮ ਦੀ ਅਪਮਾਨ ਜਨਕ ਤਰੀਕੇ ਨਾਲ ਵਰਤੋਂ ਕਰਨ ਦੀ ਹਿਮਾਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਸ਼ਰਮਾ ਨੂੰ ਇਸ ਦੀ ਤੁਰੰਤ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਸ ਵਿਰੁੱਧ ਬਣ ਦੀ ਕਾਰਵਾਈ ਲਈ ਉਹ ਤਿਆਰ ਰਹੇ।