ਸਰਕਾਰੀ ਕਾਲਜ ਰੋਪੜ ਦੀ ਮਾਣਮੱਤੀ ਪ੍ਰਾਪਤੀ ਬਰਕਰਾਰ: ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਐਨ.ਸੀ.ਸੀ. ਕੈਡਿਟਸ ਦਾ ਸਨਮਾਨ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 14 ਫ਼ਰਵਰੀ 2025: ਸਰਕਾਰੀ ਕਾਲਜ ਰੋਪੜ ਦੇ ਐਨ.ਸੀ.ਸੀ. ਦੇ ਚਾਰ ਕੈਡਿਟ ਅੰਡਰ ਅਫ਼ਸਰ ਵਿਜੇ ਕੁਮਾਰ, ਕੈਡਿਟ ਹਰਜੋਤ ਸਿੰਘ, ਕੈਡਿਟ ਪਰਵਿੰਦਰ ਕੌਰ ਅਤੇ ਕੈਡਿਟ ਪਰਵਿੰਦਰ ਕੌਰ ਨੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਪਰੇਡ ਵਿੱਚ ਹਿੱਸਾ ਲੈ ਕੇ ਐਨ.ਸੀ.ਸੀ. ਵਿੱਚ ਕਾਲਜ ਦੀ ਮਾਣਮੱਤੀ ਪ੍ਰਾਪਤੀ ਨੂੰ ਬਰਕਰਾਰ ਰੱਖਿਆ ਹੈ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕੈਡਿਟਸ ਦਾ ਕਾਲਜ ਪਹੁੰਚਣ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੈਡਿਟਸ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਐਨ.ਸੀ.ਸੀ. ਇੰਚਾਰਜ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਕਰਤੱਵਿਆ ਪਥ ਤੇ ਸੀਨੀਅਰ ਅੰਡਰ ਅਫ਼ਸਰ ਵਿਜੇ ਕੁਮਾਰ ਨੇ ਐਨ.ਸੀ.ਸੀ. ਪਰੇਡ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਡੀ.ਜੀ. ਮੈਡਲ ਨਾਲ ਸਨਮਾਨਤ ਕੀਤਾ ਗਿਆ। ਕੈਡਿਟ ਹਰਜੋਤ ਸਿੰਘ ਨੇ ਗਣਤੰਤਰਤਾ ਦਿਵਸ ਦੇ ਕਲਚਰਲ ਪ੍ਰੋਗਰਾਮ ਵਿੱਚ ਐੱਨ.ਸੀ.ਸੀ. ਟੀਮ ਦੀ ਅਗਵਾਈ ਕੀਤੀ। ਕੈਡਿਟ ਪਰਵਿੰਦਰ ਕੌਰ ਅਤੇ ਕੈਡਿਟ ਪਰਵਿੰਦਰ ਕੌਰ ਨੇ ਗਣਤੰਤਰਤਾ ਦਿਵਸ ਮੌਕੇ ਦਿੱਲੀ ਵਿਖੇ ਸਾਇਕਲ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ ਇਹਨਾਂ ਕੈਡਿਟਸ ਨੇ ਦੂਸਰੇ ਕੈਡਿਟਸ ਲਈ ਪ੍ਰੇਰਨਾ ਅਤੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੈਡਿਟਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ, ਡਾਇਰੈਕਟਰ ਜਨਰਲ ਐੱਨ.ਸੀ.ਸੀ. ਅਤੇ ਵੱਖ-ਵੱਖ ਅਹਿਮ ਸ਼ਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਾਲਜ ਵਿਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹਨਾਂ ਕੈਡਿਟਸ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਅਤੇ ਪ੍ਰੋ. ਰਵਨੀਤ ਕੌਰ ਅਤੇ ਐਨ.ਸੀ.ਸੀ. ਕੈਡਿਟ ਹਾਜ਼ਰ ਸਨ।