ਵਰਲਡ ਪੰਜਾਬੀ ਸੈਂਟਰ ਵਿਖੇ ਧਰਮ ਸਿੰਘ ਗੋਰਾਇਆ ਰਚਿਤ ਪੁਸਤਕ 'ਰਾਵੀ ਦਾ ਰਾਠ' ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ
ਪਟਿਆਲਾ, 6 ਦਸੰਬਰ 2024 - ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ਧਰਮ ਸਿੰਘ ਗੋਰਾਇਆ ਰਚਿਤ ਪੁਸਤਕ 'ਰਾਵੀ ਦਾ ਰਾਠ' ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਪ੍ਰੋ. ਭੀਮ ਇੰਦਰ ਸਿੰਘ ਵੱਲੋਂ ਇੱਥੇ ਹਾਜ਼ਰ ਸਾਹਿਤ ਪ੍ਰੇਮੀਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ। ਉਹਨਾਂ ਨੇ ਧਰਮ ਸਿੰਘ ਗੋਰਾਇਆ ਦੀ ਪੁਸਤਕ 'ਰਾਵੀ ਦਾ ਰਾਠ' ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪੁਸਤਕਾਂ ਆਉਣ ਵਾਲੀਆਂ ਨਸਲਾਂ ਲਈ ਜਿੱਥੇ ਵਿਰਾਸਤ ਬਣਦੀਆਂ ਨੇ ਉੱਥੇ ਖੋਜੀਆਂ ਲਈ ਇਤਿਹਾਸਕ ਦਸਤਾਵੇਜ ਦੇ ਰੂਪ ਵਿੱਚ ਵੀ ਅਹਿਮੀਅਤ ਰੱਖਦੀਆਂ ਹਨ।
ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਧਰਮ ਸਿੰਘ ਗੋਰਾਇਆ ਦੀ ਲੇਖਣੀ ਨੂੰ ਸਰਾਹੁੰਦਿਆਂ ਕਿਹਾ ਕਿ ਇਹ ਪੁਸਤਕ ਬਹੁਤ ਵੱਖਰੀ ਤਰ੍ਹਾਂ ਦੀ ਪੁਸਤਕ ਹੈ ਜੋ ਇਤਿਹਾਸ ਵਿੱਚ ਛੁਪਾਏ ਜਾਂ ਗਲਤ ਢੰਗ ਨਾਲ ਪੇਸ਼ ਕੀਤੇ ਤੱਥਾਂ ਨੂੰ ਉਘਾੜਦੀ ਅਤੇ ਸੰਵਾਰਦੀ ਹੈ। ਇਸ ਤਰ੍ਹਾਂ ਦੀਆਂ ਪੁਸਤਕਾਂ ਦਾ ਲਿਖੇ ਜਾਣਾ ਇਤਿਹਾਸ ਬਾਰੇ ਨਵੀਂ ਸਮਝ ਦੇ ਵਿਕਸਿਤ ਹੋਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪ੍ਰੋ. ਕਿਰਪਾਲ ਕਜ਼ਾਕ ਅਤੇ ਪ੍ਰੋ. ਮੁਹੰਮਦ ਇਦਰੀਸ ਵੱਲੋਂ ਪੁਸਤਕ ਬਾਰੇ ਗੱਲ ਕਰਦਿਆਂ ਇਸਦਾ ਇਤਿਹਾਸਕ ਅਤੇ ਸਮਕਾਲੀ ਪ੍ਰਸੰਗ ਵਿਚਾਰਿਆ ਗਿਆ। ਡਾ. ਸਵਰਾਜ ਸਿੰਘ ਨੇ ਇਸ ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਲਿਖੇ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬੀ ਸਿਰਫ ਇਤਿਹਾਸ ਬਣਾਉਣਾ ਹੀ ਜਾਣਦੇ ਸਗੋਂ ਸੰਭਾਲਣਾ ਵੀ ਜਾਣਦੇ ਹਨ। ਇਸ ਤੋਂ ਬਾਅਦ ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆਂ ਨੇ ਆਪਣੀ ਇਸ ਆਪਣੀ ਲੇਖਣੀ ਯਾਤਰਾ, ਪੁਸਤਕ ਦੀ ਰਚਨ ਪ੍ਰਕ੍ਰਿਆ ਬਾਰੇ ਅਹਿਮ ਗੱਲਾਂ ਕੀਤੀਆਂ ਅਤੇ ਆਪਣੀ ਪਾਕਿਸਤਾਨ ਦੀ ਯਾਤਰਾ ਬਾਰੇ ਆਪਣੀਆਂ ਯਾਦਾਂ ਤੇ ਤਜ਼ਰਬਿਆਂ ਨੂੰ ਸਾਂਝਾ ਕੀਤਾ।
ਸੰਤੋਖ ਸਿੰਘ ਸੁੱਖੀ, ਭਾਸ਼ੋ, ਬਲਵਿੰਦਰ ਸੰਧੂ, ਅਮਰਜੀਤ ਵੜੈਚ, ਹੈਪੀ ਸਿੰਘ ਅਤੇ ਕਮਲ ਸਰਾਵਾਂ ਅਤੇ ਲੱਛਮੀ ਨਰਾਇਣ ,ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਭਰਪੂਰ ਦਾਦ ਹਾਸਿਲ ਕੀਤੀ। ਪੀਐਚ.ਡੀ ਦੇ ਖੋਜਾਰਥੀਆਂ ਬਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੁਆਰਾ ਇਸ ਪੁਸਤਕ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਬਹੁਤ ਸ਼ਾਨਦਾਰ ਪੇਪਰ ਪੜ੍ਹੇ ਗਏ। ਸਮਾਗਮ ਦਾ ਮੰਚ-ਸੰਚਾਲਨ ਲੱਛਮੀ ਨਰਾਇਣ ਵੱਲੋਂ ਕੀਤਾ ਗਿਆ।