ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਕੌਮੀ ਖੇਡਾਂ ਵਿੱਚ ਮਾਰੀਆਂ ਮੱਲਾਂ
- ਦੋ ਗੋਲਡ, ਚਾਰ ਸਿਲਵਰ ਅਤੇ ਪੰਜ ਬਰਾਉਂਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ
- ਸੰਤ ਸੀਚੇਵਾਲ ਵੱਲੋਂ ਜੇਤੂ ਰਹੇ ਖਿਡਾਰੀਆਂ ਦਾ ਸਨਮਾਨ
- ਵਾਪਸ ਪਰਤੇ ਖਿਡਾਰੀਆਂ ਨੇ ਬੱੁਢੇ ਦਰਿਆ ਤੇ ਪਹੁੰਚ ਕਿ ਕੀਤੀ ਹੱਥੀ ਕਾਰਸੇਵਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ ਵਿਖੇ, 09 ਜਨਵਰੀ 2025 - 13ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ਵਿੱਚੋਂ ਜੇਤੂ ਰਹੇ ਖਿਡਾਰੀਆਂ ਦਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ। ਇਹ ਨੈਸ਼ਨਲ ਚੈਪੀਅਨਸ਼ਿਪ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਯਮੁਨਾ ਨਦੀ ਵਿੱਚ ਇੰਡੀਅਨ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ 03 ਜਨਵਰੀ ਤੋਂ 06 ਜਨਵਰੀ 2025 ਤੱਕ ਕਰਵਾਈ ਗਈ ਸੀ। ਜਿਸ ਵਿੱਚ ਦੇਸ਼ ਭਰ ਦੀਆਂ ਟੀਮਾਂ ਦੇ ਕਰੀਬ 700 ਦੇ ਖਿਡਾਰੀਆਂ ਨੇ ਭਾਗ ਲਿਆ।
ਪੰਜਾਬ ਟੀਮ ਦੇ 93 ਖਿਡਾਰੀਆਂ ਵਿੱਚੋਂ ਸੰਤ ਸੀਚਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਦੇ 24 ਬੱਚਿਆਂ ਦੀ 13ਵੀਂ ਨੈਸ਼ਨਲ ਡਰੈਗਨ ਬੋਟ ਲਈ ਪੰਜਾਬ ਟੀਮ ਵਜੋ ਚੋਣ ਹੋਈ ਸੀ। ਜਿਹਨਾਂ ਵਿੱਚ 8 ਲੜਕੇ ਅਤੇ 16 ਲੜਕੀਆਂ ਸੀ। ਇੰਨਾ ਮੁਕਾਬਿਲਆਂ ਵਿਚੋਂ ਖਿਡਾਰੀਆਂ ਨੇ ਦੋ ਗੋਲਡ, ਚਾਰ ਸਿਲਵਰ ਅਤੇ ਪੰਜ ਬਰਾਉਂਜ਼ ਮੈਡਲ ਜਿੱਤ ਕੇ ਪੰਜਾਬ ਅਤੇ ਇਸ ਸੈਂਟਰ ਦਾ ਨਾਮ ਰੋਸ਼ਨ ਕੀਤਾ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਇਹਨਾਂ ਖਿਡਾਰੀਆਂ ਨੂੰ ਸੰਤ ਸੀਚੇਵਾਲ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਉਪਰੰਤ ਖਿਡਾਰੀਆਂ ਵੱਲੋਂ ਸੰਤ ਸੀਚੇਵਾਲ ਵੱਲੋਂ ਬੱਢੇ ਦਰਿਆ ਨੂੰ ਮੁੜ ਪਵਿੱਤਰ ਕਰਨ ਦੀ ਦੂਜੇ ਪੜਾਅ ਤਹਿਤ ਸ਼ੁਰੂ ਕੀਤੀ ਗਈ ਕਾਰਸੇਵਾ ਵਿੱਚ ਪਹੁੰਚ ਕਿ ਹੱਥੀ ਯੋਗਦਾਨ ਪਾਇਆ ਗਿਆ।
ਇਨ੍ਹਾਂ ਖਿਡਾਰੀਆਂ ਨੇ ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਲਈ ਚੱਲ ਰਹੇ ਕੰਮ ਵਿੱਚ ਹੱਥੀ ਸੇਵਾ ਕਰਦਿਆਂ ਮਿੱਟੀ ਦੀਆਂ ਬੋਰੀਆਂ ਭਰੀਆਂ।
ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਬੱਚੇ ਸੰਤ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਬੁੱਢੇ ਦਰਿਆ ਦੀ ਕਾਰ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਅਤੇ ਦਿੱਲੀ ਤੋਂ ਵਾਪਸ ਆਉਂਦੇ ਹੀ ਇਸ ਸੇਵਾ ਵਿੱਚ ਸ਼ਾਮਲ ਹੋ ਗਏ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਦਾ ਫਲ ਹੈ। ਉਨ੍ਹਾਂ ਕਿਹਾ, ਪੇਂਡੂ ਖੇਤਰਾਂ ਵਿੱਚ ਬਹੁਤ ਪ੍ਰਤਿਭਾ ਹੈ, ਜੋ ਮੌਕੇ ਦੀ ਘਾਟ ਕਾਰਨ ਹੀ ਛੁਪੀ ਰਹਿੰਦੀ ਹੈ। ਅਸੀਂ ਉਨ੍ਹਾਂ ਨੂੰ ਖੇਡਣ ਲਈ ਲਗਾਤਾਰ ਉਤਸ਼ਾਹਿਤ ਕਰ ਰਹੇ ਹਾਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਣ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈ।
ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਰਿਹਾਇਸ਼ ਵੀ ਮੁਫ਼ਤ ਹੈ। ਇਸ ਕੇਂਦਰ ਦੀ ਸਥਾਪਨਾ 2014 ਵਿੱਚ ਪਵਿੱਤਰ ਵੇਈਂ ਕੰਢੇ ਬੱਚਿਆਂ ਨੂੰ ਪਾਣੀ ਵਾਲਿਆਂ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੈਂਟਰ ਦੇ ਖਿਡਾਰੀਆਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤੇ ਹਨ ਅਤੇ ਹੁਣ ਇਹ ਬੱਚੇ ਸਮਾਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਸਰਗਰਮ ਹਨ।
ਵਰਨਣਯੋਗ ਹੈ ਕਿ ਇਹ ਕਦਮ ਨਾ ਸਿਰਫ਼ ਇਨ੍ਹਾਂ ਖਿਡਾਰੀਆਂ ਦੀ ਮਿਹਨਤ ਦਾ ਸਬੂਤ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਬੱਚਿਆਂ ਨੂੰ ਖੇਡਾਂ ਵਿੱਚ ਹੀ ਨਹੀਂ ਸਗੋਂ ਸਮਾਜ ਸੇਵਾ ਲਈ ਵੀ ਪ੍ਰੇਰਿਤ ਕਰ ਰਿਹਾ ਹੈ।