ਕਲਯੁਗੀ ਭਰਾ ਵੱਲੋਂ ਜ਼ਮੀਨ ਲਈ ਭਰਾ ਭਰਜਾਈ ਦਾ ਕਤਲ- ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 9 ਜਨਵਰੀ2025: ਬਠਿੰਡਾ ਪੁਲਿਸ ਨੇ ਥਾਣਾ ਸਦਰ ਰਾਮਪੁਰਾ ਅਧੀਨ ਆਉਂਦੇ ਪਿੰਡ ਬਦਿਆਲਾ ’ਚ ਲੰਘੇ ਸੋਮਵਾਰ ਨੂੰ ਬਜ਼ੁਰਗ ਜੋੜੇ ਦੇ ਬੇਰਹਿਮੀ ਨਾਲ ਕੀਤੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਇਹ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਕਿਆਸ ਸਿੰਘ ਦਾ ਸਕਾ ਭਰਾ ਸੀ ਜਿਸ ਨੇ ਜਮੀਨੀ ਵੰਡ ਦੀ ਰੰਜਿਸ਼ ’ਚ ਆਪਣੀ ਸਕੀ ਭਰਜਾਈ ਅਤੇ ਭਰਾ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਮਰਨ ਵਾਲਿਆਂ ਵਿੱਚ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਾਸੀਆਨ ਬਦਿਆਲਾ ਸ਼ਾਮਲ ਸਨ। ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੀ ਲੜਕੀ ਕਿਰਨਦੀਪ ਕੌਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।
ਗ੍ਰਿਫਤਾਰ ਮੁਲਜਮ ਦੀ ਪਛਾਣ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਵਾਸੀ ਬਦਿਆਲਾ ਵਜੋਂ ਹੋਈ ਹੈ। ਤਫਤੀਸ਼ ’ਚ ਇਹ ਵੀ ਤੱਥ ਉੱਭਰੇ ਹਨ ਕਿ ਜਮੀਨ ਦੇ ਝਗੜੇ ਤੋਂ ਇਲਾਵਾ ਮ੍ਰਿਤਕ ਨਾਲ ਕਥਿਤ ਕਾਤਲ ਦੇ ਹੋਰ ਵੀ ਕਈ ਵਿਵਾਦ ਸਨ ਜੋ ਇਸ ਕਤਲ ਦਾ ਕਾਰਨ ਬਣੇ ਹਨ। ਵਾਰਦਾਤ ਵਾਲੇ ਦਿਨ ਬਿਕਰਮ ਸਿੰਘ ਆਪਣੇ ਭਰਾ ਦੇ ਘਰ ਪੁੱਜਾ ਤਾਂ ਪਤਾ ਲੱਗਿਆ ਕਿ ਉਸ ਦਾ ਭਰਾ ਦੁੱਧ ਲੈਣ ਗਿਆ ਹੋਇਆ ਹੈ। ਉਸ ਦੀ ਗੈਰਹਾਜ਼ਰੀ ਦਾ ਫਾਇਦਾ ਲੈਂਦਿਆਂ ਮੁਲਜਮ ਨੇ ਆਪਣੀ ਭਰਜਾਈ ਅਮਰਜੀਤ ਕੌਰ ਦੀ ਹੱਤਿਆ ਕਰ ਦਿੱਤੀ ਅਤੇ ਘਰ ਵਿੱਚ ਹੀ ਲੁਕਕੇ ਬੈਠ ਗਿਆ। ਇਸੇ ਦੌਰਾਨ ਜਦੋਂ ਕਿਆਸ ਸਿੰਘ ਘਰ ਵਾਪਿਸ ਆਇਆ ਤੇ ਦੁੱਧ ਰੱਖਣ ਲਈ ਰਸੋਈ ’ਚ ਪੁੱਜਿਆ ਤਾਂ ਮੁਲਜਮ ਨੇ ਕਿਆਸ ਸਿੰਘ ਦੇ ਸਿਰ ਤੇ ਵਾਰ ਕਰ ਦਿੱਤੇ । ਆਪਣੇ ਤੇ ਇਸ ਤਰਾਂ ਅਚਾਨਕ ਹੋਏ ਹਮਲੇ ਦੇ ਸਿੱਟੇ ਵਜੋਂ ਕਿਆਸ ਸਿੰਘ ਬੇਹੋਸ਼ ਹੋਕੇ ਡਿੱਗ ਪਿਆ।
ਇਸ ਦੌਰਾਨ ਮ੍ਰਿਤਕ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਨੇ ਉਸ ਦਾ ਹੱਥ ਵੱਢ ਦਿੱਤਾ ਅਤੇ ਉਦੋਂ ਤੱਕ ਵਾਰ ਕਰਦਾ ਰਿਹਾ ਜਦੋਂ ਤੱਕ ਕਿਆਸ ਸਿੰਘ ਦੀ ਮੌਤ ਨਹੀਂ ਹੋ ਗਈ। ਦੋ ਕਤਲਾਂ ਤੋਂ ਬਾਅਦ ਬਿਕਰਮ ਸਿੰਘ ਆਪਣੇ ਘਰ ਚਲਾ ਗਿਆ ਅਤੇ ਵਾਰਦਾਤ ਲਈ ਵਰਤਿਆ ਦਾਹ ਲੁਕਾਉਣ ਤੋਂ ਬਾਅਦ ਆਪਣੇ ਕੱਪੜੇ ਬਦਲ ਲਏ। ਐਸਐਸਪੀ ਨੇ ਦੱਸਿਆ ਕਿ ਕਤਲ ਦੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਡੀਐਸਪੀ ਫੂਲ ਪ੍ਰਦੀਪ ਸਿੰਘ ਅਤੇ ਡੀਐਸਪੀ ( ਡੀਟੈਕਟਿਵ) ਬਠਿੰਡਾ ਮਨਜੀਤ ਸਿੰਘ ਅਗਵਾਈ ਹੇਠ ਥਾਣਾ ਸਦਰ ਰਾਮਪੁਰਾ, ਸੀਆਈਏ ਸਟਾਫ਼ -ਵਨ ਅਤੇ ਸੀਆਈਏ ਸਟਾਫ਼ -ਟੂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਥਾਣਾ ਸਦਰ ਰਾਮਪੁਰਾ ਦੀ ਟੀਮ ਨੇ ਇੱਕ ਭਰੋਸੇਯੋਗ ਸੂਚਨਾ ਦੇ ਅਧਾਰ ਤੇ ਪਿੰਡ ਬਦਿਆਲਾ ਤੋਂ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਵਾਸੀ ਬਦਿਆਲਾ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕਰ ਲਈ।
ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੇ ਅਧਾਰ ਤੇ ਮੁਲਜਮ ਦੇ ਘਰ ਵਿੱਚ ਬੰਦ ਪਈ ਫਲੱਸ਼ ’ਚ ਪਈਆਂ ਇੱਟਾਂ ਵਿੱਚੋਂ ਵਾਰਦਾਤ ਲਈ ਵਰਤਿਆ ਲੋਹੇ ਦਾ ਦਾਹ ਬਰਾਮਦ ਕਰ ਲਿਆ ਹੈ। ਬਿਕਰਮ ਸਿੰਘ ਉਰਫ ਬਿੱਕਰ ਮ੍ਰਿਤਕ ਕਿਆਸ ਸਿੰਘ ਦਾ ਸਕਾ ਭਰਾ ਹੈ ਅਤੇ ਦੋਵਾਂ ਦੀ ਜਮੀਨ ਆਪਸ ਵਿੱਚ ਸਾਂਝੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਕਿਆਸ ਸਿੰਘ ਨੇ ਸਾਰੀ ਜਮੀਨ ਸੜਕ ਦੇ ਫਰੰਟ ਤੇ ਲੈ ਲਈ ਸੀ ਜਿਸ ਕਾਰਨ ਦਸੰਬਰ 2018 ਵਿੱਚ ਰੌਲਾ ਪੈ ਗਿਆ ਸੀ । ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ਵਿਚਕਾਰ ਜਮੀਨ ਦਾ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਮੀਨ ਕਰਕੇ ਬਿਕਰਮ ਸਿੰਘ ਉਰਫ ਬਿੱਕਰ ਪਿਛਲੇ ਕਈ ਸਾਲਾਂ ਤੋਂ ਮ੍ਰਿਤਕ ਕਿਆਸ ਸਿੰਘ ਤੋਂ ਖਾਰ ਖਾਂਦਾ ਸੀ ਜਿਸ ਦੇ ਚੱਲਦਿਆਂ ਉਸ ਨੇ ਇਸ ਘਿਨਾਉਣੀ ਵਾਰਦਾਤ ਕਰ ਦਿੱਤੀ । ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦਿੱਲੀ ਰਹਿੰਦਾ ਮ੍ਰਿਤਕ ਦਾ ਲੜਕਾ
ਮ੍ਰਿਤਕ ਕਿਆਸ ਸਿੰਘ ਦਾ ਲੜਕਾ ਕੰਵਲਦੀਪ ਸਿੰਘ ਅਤੇ ਨੂੰਹ ਦਿੱਲੀ ਵਿੱਚ ਨੌਕਰੀ ਕਰਦੇ ਹਨ ਅਤੇ ਪਿਛਲੇ 10 ਸਾਲਾਂ ਤੋਂ ਦਿੱਲੀ ਹੀ ਰਹਿ ਰਹੇ ਹਨ। ਸੋਮਵਾਰ ਸ਼ਾਮ ਨੂੰ ਵੀ ਜਦੋਂ ਕੰਵਲਦੀਪ ਸਿੰਘ ਨੇ ਆਪਣੇ ਪਿਤਾ ਕਿਆਸ ਸਿੰਘ ਨੂੰ ਵਾਰ-ਵਾਰ ਫੋਨ ਕੀਤਾ ਜੋ ਉਨ੍ਹਾਂ ਚੁੱਕਿਆ ਨਹੀਂ। ਕੰਵਲਦੀਪ ਨੇ ਪਿੰਡ ਵਿੱਚ ਆਪਣੇ ਇੱਕ ਜਾਣਕਾਰ ਨੂੰ ਉਨ੍ਹਾਂ ਦੇ ਘਰ ਜਾ ਕੇ ਉਸ ਨਾਲ ਗੱਲ ਕਰਵਾਉਣ ਲਈ ਕਿਹਾ। ਜਦੋਂ ਉਹ ਕਿਆਸ ਸਿੰਘ ਦੇ ਘਰ ਗਿਆ ਤਾਂ ਫਰਸ਼ ’ਤੇ ਖੂਨ ਡੁੱਲਿ੍ਹਆ ਹੋਇਆ ਸੀ ਅਤੇ ਪਤੀ ਪਤਨੀ ਦੀਆਂ ਤੇਜ਼ਧਾਰ ਹਥਿਆਰਾਂ ਨਾਲ ਕੱਟੀਆਂ ਲਾਸ਼ਾਂ ਉੱਥੇ ਪਈਆਂ ਸਨ। ਉਸ ਵਿਅਕਤੀ ਨੇ ਤੁਰੰਤ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਜਿਸ ਦਾ ਨਤੀਜਾ ਸਾਹਮਣੇ ਆਇਆ ਹੈ।