ਜ਼ਿਲ੍ਹਾ ਲਿਖਾਰੀ ਸਭਾ ਵੱਲੋਂ "ਪੋਹ ਦੇ ਸ਼ਹੀਦਾਂ" ਨੂੰ ਸ਼ਰਧਾ ਪੁਸ਼ਪ ਅਰਪਿਤ: ਸਭਾ ਵੱਲੋਂ ਲਿਖਾਰੀਆਂ ਦਾ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 15 ਦਸੰਬਰ 2024:- ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ "ਪੋਹ ਦੇ ਸ਼ਹੀਦਾਂ" ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਹਿਤ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਸਿਕ ਇਕੱਤਰਤਾ ਰੱਖੀ ਗਈ।
ਸਭਾ ਦੇ ਪ੍ਰਧਾਨ ਉੱਘੇ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪ੍ਰਧਾਨਗੀ ਵਿੱਚ ਕਰਵਾਈ ਇਸ ਇਕੱਤਰਤਾ ਦੌਰਾਨ ਵੱਖੋ-ਵੱਖ ਸਾਹਿਤਕਾਰਾਂ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਤਕ ਦੇ ਸਮੂਹ ਸ਼ਹੀਦਾਂ ਨੂੰ ਆਪਣੀਆਂ ਰਚਨਾਵਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਜਿੱਥੇ ਸਾਹਿਤਕਾਰਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਦੀ ਸਮੀਖਿਆ ਕੀਤੀ, ਉੱਥੇ ਉਹਨਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਿੱਖ ਇਤਿਹਾਸ ਦੇ ਖੇਤਰ ਵਿੱਚ ਬਹੁਤ ਖੋਜ ਕਾਰਜ ਕਰਨ ਦੀ ਲੋੜ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਜਦੋਂ ਵੀ ਕੋਈ ਇਤਿਹਾਸ ਬਾਰੇ ਕੁਝ ਲਿਖਦਾ ਹੈ ਤਾਂ ਸਿੱਖ ਇਤਿਹਾਸ ਦੇ ਵੱਖੋ-ਵੱਖ ਪੱਖਾਂ ਅਤੇ ਪਰਤਾਂ ਦਾ ਬਾਰੀਕੀ ਨਾਲ ਅਧਿਐਨ ਕਰ ਕੇ ਹੀ ਲਿਖਣ ਵੱਲ ਕਦਮ ਪੁੱਟੇ ਜਾਣ ਤਾਂ ਹੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਤੋਂ ਪੂਰਨ ਰੂਪ ਵਿੱਚ ਸੇਧ ਲੈ ਕੇ ਉੱਚਾ ਸੁੱਚਾ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਮੁੱਖ ਵਕਤਾ ਦੇ ਰੂਪ ਵਿੱਚ ਸ਼ਿਰਕਤ ਕਰਦਿਆਂ ਸਹਾਇਕ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ, ਸ. ਸਤਿੰਦਰਪਾਲ ਸਿੰਘ ਨੇ ਸਭਾ ਦੀ ਮਾਸਿਕ ਇਕੱਤਰਤਾ ਦਾ ਵਿਸ਼ਾ "ਪੋਹ ਦੇ ਸ਼ਹੀਦਾਂ" ਦੇ ਅਧਾਰ 'ਤੇ ਰੱਖਣ ਲਈ ਸਭਾ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਰਕਾਸ਼ ਤੋਂ ਲੈ ਕੇ ਹੱਕ ਸੱਚ ਲਈ ਜਿੰਨੇ ਵੀ ਸੰਘਰਸ਼ ਹੋਏ ਹਨ, ਉਹ ਉਹਨਾਂ ਲੋਕਾਂ ਦੇ ਆਧਾਰ 'ਤੇ ਹੀ ਲੜੇ ਗਏ, ਜਿਨ੍ਹਾਂ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਓਟ ਆਸਰਾ ਲੈਕੇ ਚੁੱਪ-ਚਾਪ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਇਆ। ਅਜਿਹੇ ਸ਼ਹੀਦਾਂ ਦੇ ਨਾਮ ਬਹੁਤ ਵਾਰ ਲਿਖਤਾਂ ਦਾ ਹਿੱਸਾ ਨਹੀਂ ਬਣਦੇ। ਇਸ ਲਈ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਨੂੰ ਇਸ ਗੱਲ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿ ਉਹਨਾਂ ਸ਼ਹੀਦਾਂ ਬਾਰੇ ਖੋਜ ਕਰ ਕੇ ਵੱਧ ਤੋਂ ਵੱਧ ਲਿਖਿਆ ਜਾਵੇ, ਜਿਨ੍ਹਾਂ ਨੂੰ ਲਿਖਤਾਂ ਦੇ ਵਿੱਚ ਹਾਲੇ ਤਕ ਥਾਂ ਨਹੀਂ ਮਿਲੀ।
ਇਸ ਮੌਕੇ ਸੰਬੋਧਨ ਕਰਦਿਆਂ ਵਕਤਾ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਹਿੰਸਾ ਤੇ ਅਹਿੰਸਾ ਤੇ ਦੁਨਿਆਵੀ ਫ਼ਲਸਫਿਆਂ ਦੀ ਪੜਚੋਲ ਕੀਤੀ ਅਤੇ ਇਤਿਹਾਸਕ ਘਟਨਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਸਿੱਖ ਇਤਿਹਾਸ ਦੀ ਸਿਰਜਣਾ ਹਿੰਸਾ ਤੇ ਅਹਿੰਸਾ ਦੇ ਫ਼ਲਸਫੇ ਤੋਂ ਪਾਰ ਜਾ ਕੇ ਹੀ ਹੋਈ ਹੈ। ਉਹਨਾਂ ਕਿਹਾ ਕਿ ਸਮੁੱਚਾ ਸਿੱਖ ਇਤਿਹਾਸ ਗੁਰਬਾਣੀ ਮੁਤਾਬਕ ਜੀਵਨ ਬਤੀਤ ਕਰਨ ਵਾਲੇ ਲੋਕਾਂ ਵੱਲੋਂ ਹੀ ਸਿਰਜਿਆ ਗਿਆ ਹੈ। ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਸੇਧ ਲੈਕੇ ਜ਼ਿੰਦਗੀ ਬਤੀਤ ਕੀਤੀ ਜਾਵੇ।
ਇਸ ਮੌਕੇ ਗੁਰਨਾਮ ਸਿੰਘ ਬਿਜਲੀ, ਸ਼੍ਰੀਮਤੀ ਪ੍ਰੇਮ ਲਤਾ ਬੱਸੀ ਪਠਾਣਾਂ, ਜਸ਼ਨ ਮੱਟੂ, ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ ਗਰਚਾ, ਗੁਰਪ੍ਰੀਤ ਸਿੰਘ ਬਰਗਾੜੀ, ਜਸਵਿੰਦਰ ਸਿੰਘ, ਪ੍ਰੋ. ਦੇਵ ਮਲਿਕ, ਅਮਰਬੀਰ ਸਿੰਘ ਚੀਮਾਂ, ਅਵਤਾਰ ਸਿੰਘ ਪੁਆਰ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਬਲਤੇਜ ਸਿੰਘ ਬਠਿੰਡਾ, ਮਨਜੀਤ ਸਿੰਘ ਘੁੰਮਣ, ਸਾਧੂ ਸਿੰਘ ਪਨਾਗ ਤੇ ਮਲਿਕਾ ਰਾਣੀ ਨੇ ਅਪਣੀਆਂ ਲਿਖਤਾਂ ਦੇ ਨਾਲ "ਪੋਹ ਦੇ ਸ਼ਹੀਦਾਂ" ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸਾਹਿਤਕਾਰ ਮਨਜੀਤ ਸਿੰਘ ਘੁੰਮਣ, ਸ਼੍ਰੀਮਤੀ ਪ੍ਰੇਮ ਲਤਾ ਬੱਸੀ ਪਠਾਣਾਂ, ਪ੍ਰਿਤਪਾਲ ਸਿੰਘ ਭੜੀ ਤੇ ਮਲਿਕਾ ਰਾਣੀ ਅਤੇ ਮੁੱਖ ਵਕਤਾ ਸਤਿੰਦਰਪਾਲ ਸਿੰਘ ਦਾ ਸਭਾ ਵੱਲੋਂ ਮਮੈਂਟੋ, ਲੋਈਆਂ ਅਤੇ ਸ਼ਾਲਾਂ ਨਾਲ ਸਨਮਾਨ ਵੀ ਕੀਤਾ ਗਿਆ।