ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੌਮਾਂਤਰੀ ਸਾਹਿਤਕ ਸਮਾਗਮ ਵਿਚ ਹਰਵਿੰਦਰ ਸਿੰਘ ਵਿੰਦਰ ਦਾ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲਾਂ ਰਿਲੀਜ਼
- ਸਮਾਜ ਵਿਚ ਮਾਤ—ਭਾਸ਼ਾ ਦਾ ਪ੍ਰਚਾਰ ਪ੍ਰਸਾਰ ਵਰਤਮਾਨ ਸਮੇਂ ਦੀ ਮਹੱਤਵਪੂਰਨ ਜ਼ਰੂਰਤ—ਡਾ. ਦਰਸ਼ਨ ਸਿੰਘ ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 8 ਦਸੰਬਰ 2024:-ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਵਿਸ਼ਾਲ ਅਤੇ ਯਾਦਗਾਰੀ ਕੌਮਾਂਤਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਵੀ ਹਰਵਿੰਦਰ ਸਿੰਘ ਵਿੰਦਰ ਦੇ ਦੂਜੇ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲਾਂ* ਦਾ ਲੋਕ—ਅਰਪਣ ਕੀਤਾ ਗਿਆ।ਸਭ ਤੋਂ ਪਹਿਲਾਂ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਦੇਸ—ਵਿਦੇਸ ਤੋਂ ਪੁੱਜੇ ਲਿਖਾਰੀਆਂ ਦਾ ਸੁਆਗਤ ਕਰਦਿਆਂ ਵਿਸ਼ਵ ਪ੍ਰਸਿੱਧ ਕਵੀ ਫ਼ਿਰਦੌਸੀ ਦੇ ਹਵਾਲੇ ਨਾਲ ਕਿਹਾ ਕਿ ਵਰਤਮਾਨ ਦੌਰ ਵਿਚ ਸਮਾਜ ਵਿਚ ਆਪਣੀ ਮਾਤ—ਭਾਸ਼ਾ ਦਾ ਸ਼ਿੱਦਤ ਅਤੇ ਪ੍ਰਤਿਬੱਧਤਾ ਨਾਲ ਪ੍ਰਚਾਰ ਪ੍ਰਸਾਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਵਿਸ਼ਵ ਵਿਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਵੱਧ ਤੋਂ ਵੱਧ ਅਹਿਮੀਅਤ ਪਤਾ ਲੱਗ ਸਕੇ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਹਰਵਿੰਦਰ ਸਿੰਘ ਵਿੰਦਰ ਦੀ ਕਵਿਤਾ ਪੰਜਾਬੀਅਤ ਦੀ ਗੱਲ ਕਰਨ ਦੇ ਨਾਲ ਨਾਲ ਮੁਆਸ਼ਰੇ ਦੀਆਂ ਗ਼ਲਤ ਕਦਰਾਂ ਕੀਮਤਾਂ ਦਾ ਡੱਟ ਕੇ ਵਿਰੋਧ ਕਰਦੀ ਹੈ।ਮੁੱਖ ਮਹਿਮਾਨ ਵਜੋਂ ਪਧਾਰੇ ਉਘੇ ਸਿੱਖਿਆ ਸ਼ਾਸਤਰੀ,ਸਮਾਜ ਸੇਵੀ ਅਤੇ ਜਸਦੇਵ ਸਿੰਘ ਸੰਧੂ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਪਰਸਨ ਅਨੂਪਇੰਦਰ ਕੌਰ ਸੰਧੂ ਨੇ ਕਿਹਾ ਕਿ ਸਾਹਿਤ ਅਤੇ ਸਭਿਆਚਾਰ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਸਮਾਜਕ ਵਿਕਾਸ ਦੀ ਤਰੱਕੀ ਲਈ ਠੋਸ ਉਪਰਾਲੇ ਕਰਨ ਦੇ ਨਿਰੰਤਰ ਯਤਨ ਕਰਨੇ ਚਾਹੀਦੇ ਹਨ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਤਰਲੋਚਨ ਕੌਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਹਿਤ ਲੇਖਕ ਦੀ ਵਿਚਾਰਧਾਰਾ,ਵਲਵਲਿਆਂ ਅਤੇ ਮਾਨਸਿਕਤਾ ਦਾ ਸ਼ੀਸ਼ਾ ਹੈ।ਬਹੁਪੱਖੀ ਸਾਹਿਤਕਾਰ ਪ੍ਰੋ. ਨਵ ਸੰਗੀਤ ਸਿੰਘ ਦਾ ਮਤ ਸੀ ਕਿ ਕਵੀ ਵਿੰਦਰ ਨੇ ਆਪਣੀਆਂ ਨਜ਼ਮਾਂ ਵਿਚ ਖ਼ੂਬਸੂਰਤ ਬਿੰਬ ਅਤੇ ਪ੍ਰਤੀਕਾਂ ਦਾ ਇਸਤੇਮਾਲ ਕੀਤਾ ਹੈ ਜਦੋਂ ਕਿ ਅਮਰੀਕਾ ਤੋਂ ਪੁੱਜੇ ਸਰਬਾਂਗੀ ਤੇ ਪ੍ਰਸਿੱਧ ਕਲਮਕਾਰ ਸੁਖਦੇਵ ਸਿੰਘ ਸ਼ਾਂਤ ਨੇ ਇਕ ਖ਼ੂਬਸੂਰਤ ਤੇ ਭਾਵਪੂਰਤ ਨਜ਼ਮ ਰਾਹੀਂ ਸਮਾਜਿਕ ਸੰਤੁਲਨ ਬਰਕਰਾਰ ਰੱਖਣ ਲਈ ਨਿੱਗਰ ਸੁਨੇਹਾ ਦਿੱਤਾ।
ਕੌਮਾਂਤਰੀ ਪੱਤਰਕਾਰ ਤੇ ਲੇਖਕ ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਲੋਕ ਮਾਂ ਬੋਲੀ ਸੰਬੰਧੀ ਗਤੀਵਿਧੀਆਂ ਵਿਚ ਸ਼ਮੂਲੀਅਤ ਲਈ ਤਤਪਰ ਰਹਿੰਦੇ ਹਨ। ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਭਾ ਦੇ ਇਸ ਉਪਰਾਲੇ ਦੀ ਸਾਰਥਿਕਤਾ ਲਈ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ। ਪੁਸਤਕ ਦੇ ਲੋਕ ਅਰਪਣ ਉਪਰੰਤ ਪੁਸਤਕ ਉਪਰ ਮੁੱਖ ਪਰਚਾ ਪੜ੍ਹਦਿਆਂ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ ਸਵੀ (ਮਾਲੇਰਕੋਟਲਾ) ਨੇ ਇਹ ਕੇਂਦਰੀ ਨੁਕਤਾ ਉਭਾਰਿਆ ਕਿ ਅਜੋਕਾ ਸ਼ਾਇਰ ਸਾਧਾਰਨ ਅਤੇ ਸੌਖੇ ਅੰਦਾਜ਼ ਇ ਬਿਆਂ ਨਾਲ ਪਾਠਕ ਦੇ ਹਿਰਦੇ ਨੂੰ ਟੁੰਭ ਰਿਹਾ ਹੈ ਜਦੋਂ ਕਿ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਖੋਜਾਰਥੀ ਗੁਰਵਿੰਦਰ ਸਿੰਘ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਬਲਕਰਨ ਸਿੰਘ ਨੇ ‘ਵਿੰਦਰ ਦੀ ਪੁਸਤਕ ਦੇ ਕਲਾ—ਕੌਸ਼ਲ ਅਤੇ ਕੁਝ ਹੋਰ ਲੁਕਵੇਂ ਪੱਖਾਂ ਬਾਰੇ ਨੁਕਤੇ ਸਾਂਝੇ ਕੀਤੇ।ਹਰਵਿੰਦਰ ਸਿੰਘ ਵਿੰਦਰ ਨੇ ਆਪਣੀ ਰਚਨਾ ਪ੍ਰਕਿਰਿਆ ਅਤੇ ਆਪਣੀ ਪੁਸਤਕ ਉਪਰ ਹੋਈ ਡੂੰਘੀ ਵਿਚਾਰ ਚਰਚਾ ਬਾਰੇ ਸੰਤੁਸ਼ਟਤਾ ਜ਼ਾਹਿਰ ਕਰਦਿਆਂ ਕਿਹਾ ਕਿ ਭਵਿੱਖ ਵਿਚ ਉਹ ਕੁਝ ਹੋਰ ਸਮਾਜ—ਕੇਂਦ੍ਰਿਤ ਅਤੇ ਨਵੀਨ ਵਿਸ਼ਿਆਂ ਨੂੰ ਕਾਵਿਮਈ ਅੰਦਾਜ਼ ਵਿਚ ਸਾਹਮਣੇ ਲਿਆਵੇਗਾ।ਇਸ ਦੌਰਾਨ ਵਿਦਿਆਰਥਣ ਇਸ਼ਮੀਤ ਕੌਰ ਦੀ ਮਾਂ ਬੋਲੀ ਬਾਰੇ ਕਵਿਤਾ ਨੇ ਵਿਸ਼ੇਸ਼ ਦਾਦ ਹਾਸਿਲ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਡਾ. ਜੀ.ਐਸ.ਆਨੰਦ,ਭੁਪਿੰਦਰ ਕੌਰ ਵਾਲੀਆ,ਦਵਿੰਦਰ ਪਟਿਆਲਵੀ,ਗੁਰਚਰਨ ਸਿੰਘ ਪੱਬਾਰਾਲੀ, ਬਲਬੀਰ ਸਿੰਘ ਦਿਲਦਾਰ,ਇੰਦਰਪਾਲ ਸਿੰਘ ਪਟਿਆਲਾ,ਰਘਬੀਰ ਸਿੰਘ ਮਹਿਮੀ,ਭਗਵੰਤ ਸਿੰਘ,ਸੁਰਿੰਦਰ ਕੌਰ ਬਾੜਾ, ਗੁਰਦਰਸ਼ਨ ਸਿੰਘ ਗੁਸੀਲ, ਕੁਲਦੀਪ ਪਟਿਆਲਵੀ,ਕਿਰਪਾਲ ਸਿੰਘ ਮੂਣਕ,ਦਰਸ਼ਨ ਸਿੰਘ ਪਸਿਆਣਾ,ਅਮਰਜੀਤ ਸਿੰਘ ਕਸਕ,ਬਚਨ ਸਿੰਘ ਗੁਰਮ,ਹਰਿਸੁਬੇਗ ਸਿੰਘ, ਕਮਰਜੀਤ ਸਿੰਘ ਸੇਖੋਂ, ਗੋਪਾਲ ਸ਼ਰਮਾ,ਗੁਰਚਰਨ ਸਿੰਘ ਗੁਣੀਕੇ,ਸਤੀਸ਼ ਵਿਦਰੋਹੀ,ਜੱਗਾ ਰੰਗੂਵਾਲ, ਚਮਕੌਰ ਸਿੰਘ ਚਹਿਲ,ਵਿਜੇ ਕੁਮਾਰ,ਆਦਿ ਨੇ ਆਪਣੀਆਂ ਭਿੰਨ ਭਿੰਨ ਵਿਧਾ ਦੀਆਂ ਲਿਖਤਾਂ ਸੁਣਾਈਆਂ ਤੇ ਚਰਚਾ ਵੀ ਕੀਤੀ ਗਈ।
ਇਸ ਸਮਾਗਮ ਵਿਚ ਡਾ. ਰਾਜਵੰਤ ਕੌਰ ਪੰਜਾਬੀ,ਰਮਨਜੀਤ ਸਿੰਘ, ਡਾ. ਜਸਪ੍ਰੀਤ ਕੌਰ,ਪ੍ਰਿੰਸੀਪਲ ਨਵਨੀਤ ਮਰਵਾਹਾ,ਕੁਲਵੰਤ ਸਿੰਘ ਹਰੀਕਾ, ਪ੍ਰੋ. ਐਮ.ਪੀ.ਸਿੰਘ,ਡਾ. ਹਰਬੰਸ ਸਿੰਘ ਧੀਮਾਨ,ਭਾਸ਼ੋ,ਹਰਬੰਸ ਸਿੰਘ ਮਾਣਕਪੁਰੀ,ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ,ਡਾ. ਹਰਪ੍ਰੀਤ ਸਿੰਘ ਰਾਣਾ,ਭਾਗਵਿੰਦਰ ਸਿੰਘ ਦੇਵਗਨ,ਜੋਗਾ ਸਿੰਘ ਖੀਵਾ,ਅਮਰਜੀਤ ਸਿੰਘ ਵਾਲੀਆ,ਰਮਨਦੀਪ ਕੌਰ,ਜਲ ਸਿੰਘ, ਜਤਿੰਦਰਪਾਲ ਸਿੰਘ ਨਾਗਰਾ,ਦਲੀਪ ਸਿੰਘ ਉਬਰਾਏ,ਨਿਰਮਲਾ ਗਰਗ, ਜਗਦੀਸ਼ ਸਿੰਘ,ਭੁਪਿੰਦਰ ਸਿੰਘ ਉਪਰਾਮ,ਜਸ਼ਨਦੀਪ ਸਿੰਘ,ਕਰਨਵੀਰ ਸਿੰਘ, ਮਨਮੀਤ ਸਿੰਘ,ਸਮਰਬੀਰ ਸਿੰਘ,ਜਸਬੀਰ ਸਿੰਘ, ਮੁਕੇਸ਼ ਜੋਗੀ ਆਦਿ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।