Babushahi Special: ਬਠਿੰਡਾ ਵਾਲਿਆਂ ਨੇ ਲਾਹਿਆ ਗੈਰ ਸਾਹਿਤਕ ਹੋਣ ਦਾ ਉਲਾਂਭਾ
- ਮੇਲਾ ਜਾਗਦੇ ਜੁਗਨੂੰਆਂ ’ਚ ਲੱਗੇ ਪੁਸਤਕ ਮੇਲੇ ਦੇ ਤੱਥ
ਅਸ਼ੋਕ ਵਰਮਾ
ਬਠਿੰਡਾ, 7ਦਸੰਬਰ 2024: ਕਦੇ ਕੱਕੇ ਰੇਤੇ ਅਤੇ ਝਾੜੀਆਂ ਦੀ ਧਰਤੀ ਆਖਵਾਉਂਦੇ ਰਹੇ ਬਠਿੰਡਾ ਨੇ ਗੈਰ ਸਾਹਿਤਕ ਹੋਣ ਦਾ ਉਲਾਂਭਾ ਲਾਹ ਦਿੱਤਾ ਹੈ। ‘ਮੇਲਾ ਜਾਗਦੇ ਜੁਗਨੂੰਆਂ ਦੇ ਨਾਮ ਹੇਠ ਲੱਗੇ ਮੇਲੇ ਦੌਰਾਨ ਲੱਗੇ ਹਰ ਸਟਾਲ ਵਾਲੇ ਨਾਲ ਗੱਲਬਾਤ ਦੇ ਇਹ ਤੱਥ ਹਨ। ਇਹ ‘ਪੁਸਤਕ ਮੇਲਾ’ ਕੜਾਕੇ ਦੀ ਠੰਢ ਦੌਰਾਨ ਵੀ ਪਾਠਕਾਂ ਨੂੰ ਸਾਹਤਿਕ ਪੱਖ ਤੋਂ ਗਰਮ ਕਰਨ ਲੱਗਿਆ ਹੋਇਆ ਹੈ। ਬਠਿੰਡਾ ਦੇ ਪੁੱਡਾ ਗਰਾਊਂਡ ਵਿੱਚ ਲੱਗੇ ਇਸ ਮੇਲੇ ਦੇ ਹਰ ਕੋਨੇ ਚੋਂ ਇਤਿਹਾਸਿਕ ਸਾਹਿਤ ਦੇ ਰੰਗਾਂ ਦੀ ਨੁਹਾਰ ਦਿਖਾਈ ਦਿੱਤੀ। ਮੇਲੇ ਦੇ ਤੀਸਰੇ ਦਿਨ ਪਾਠਕਾਂ ਦੀ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲੀ । ਪੁਸਤਕ ਮੇਲੇ ’ਚ ਅੱਜ ਕੁੱਝ ਸਕੂਲਾਂ ਦੇ ਵਿਦਿਆਰਥੀ ਪੁੱਜੇ ਸਨ ਜਿਸ ਕਰਕੇ ਮੇਲੇ ਦੌਰਾਨ ਗਹਿਮਾ ਗਹਿਮੀ ਬਣੀ ਹੋਈ ਸੀ। ਖਾਸ ਕਰਕੇ ਸ਼ਹਿਰ ਦੇ ਵੱਖ ਵੱਖ ਭਾਗਾਂ ਅਤੇ ਪਿੰਡਾਂ ’ਚੋਂ ਇੱਥੇ ਪੁੱਜੇ ਸਾਹਿਤ ਪ੍ਰੇਮੀਆਂ ਨੇ ਕੱਲੇ ਕੱਲੇ ਸਟਾਲ ਤੇ ਜਾਣਕਾਰੀ ਹਾਸਲ ਕੀਤੀ।
ਮੇਲਾ ਜਾਗਦੇ ਜੁਗਨੂੰਆਂ ਦਾ ਵਿੱਚ ਦੋ ਦਰਜਨ ਤੋਂ ਵੱਧ ਪ੍ਰਕਾਸ਼ਕ ਆਪੋ ਆਪਣਾ ਗਿਆਨ ਦਾ ਖਜਾਨਾ ਲੈਕੇ ਪੁੱਜੇ ਹੋਏ ਹਨ। ਐਤਵਾਰ ਨੂੰ ਆਖਰੀ ਅਤੇ ਛੁੱਟੀ ਵਾਲਾ ਦਿਨ ਹੋਣ ਕਰਕੇ ਪੁਸਤਕਾਂ ਦੇ ਸਟਾਲਾਂ ਸਮੇਤ ਸਮੁੱਚਾ ਮੇਲਾ ਪੂਰਾ ਭਰਨ ਦੀ ਉਮੀਦ ਹੈ । ਬੁਹਤੇ ਸਟਾਲਾਂ ਦੀ ਜੋ ਸਾਂਝੀ ਗੱਲ ਦੇਖਣ ਨੂੰ ਮਿਲੀ ਉਹ ਸੀ ਕਿ ਮਲਵਈ ਲੇਖਕਾਂ ਦੀਆਂ ਪੁਸਤਕਾਂ ਦੀ ਕਾਫੀ ਵਿਕਰੀ ਹੋ ਰਹੀ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਦੇ ਮੋਹਣ ਲਾਲ ਦਾ ਪ੍ਰਤੀਕਰਮ ਸੀ ਕਿ ਪਾਠਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਹਿਮ ਤੱਥ ਹੈ ਕਿ ਇਸ ਵਾਰ ਇਤਿਹਾਸ ਨਾਲ ਸਬੰਧਤ ਪੁਸਤਕਾਂ ਜਿਆਦਾ ਵਿਕ ਰਹੀਆਂ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਪਰਮਿੰਦਰ ਕੌਰ ਨੇ ਦੱਸਿਆ ਕਿ ਪਾਠਕ ਹਰ ਵੰਨਗੀ ਦੀਆਂ ਪੁਸਤਕਾਂ ਪਾਠਕ ਬੇਹੰਦ ਪਸੰਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸ਼ਹੀਦ ਭਗਤ ਸਿੰਘ ਅਤੇ ਬੱਚਿਆਂ ਦੀ ਰੁਚੀ ਵਾਲਾ ਤਕਰੀਬਨ ਹਰ ਪੋਸਟਰ ਵਿਕ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਨਾਮਵਰ ਸਾਹਿਤਕਾਰ ਸੁਰਜੀਤ ਪਾਤਰ ਦਾ ਪੋਸਟਰ ਖਰੀਦਣ ਵਿੱਚ ਵੀ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਫਰੀਦਕੋਟ ਤੋਂ ਆਏ ਠੇਕਾ ਕਿਤਾਬਾਂ ਦਾ ਦੇ ਸੰਚਾਲਕ ਲਵਪ੍ਰੀਤ ਸਿੰਘ ਫੇਰੋ ਦਾ ਕਹਿਣਾ ਸੀ ਕਿ ਸਿੱਖ ਇਤਿਹਾਸ ਦੀ ਵੱਡੀ ਪੱਧਰ ਤੇ ਵਿਕਰੀ ਹੋ ਰਹੀ ਹੈ ਜਦੋਂਕਿ ਪਹਿਲਾਂ ਵਾਲੇ ਮੇਲਿਆਂ ਵਿੱਚ ਅਜਿਹਾ ਨਹੀਂ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਨਾਲ ਸਬੰਧਤ ਪੁਸਤਕ ਨੂੰ ਤਾਂ ਹਰ ਸਟਾਲ ਤੇ ਵਿਕਦੇ ਦੋਖਿਆ ਜਾ ਸਕਦਾ ਹੈ। ਦੀ ਆਈ ਬੈਕਸ ਵਰਲਡ ਦੇ ਦੀਪਕ ਨੇ ਵੀ ਵਿੱਕਰੀ ਤੇ ਸੰਤੁਸ਼ਟੀ ਪ੍ਰਗਟਾਈ ਹੈ। ਇਸ ਸਟਾਲ ਤੇ ਸਕੂਲੀ ਸਿੱਖਿਆ ਤੋਂ ਲੈਕੇ ਹਰ ਤਰਾਂ ਦੀਆਂ ਪੁਸਤਕਾਂ ਅੰਗਰੇਜੀ ਵਿੱਚ ਹਨ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਮੱਖਣ ਸਿੰਘ ਦਾ ਕਹਿਣਾ ਸੀ ਕਿ ਪ੍ਰੀਤ ਕੰਵਲ ਦੀ ਨਵੀਂ ਪੁਸਤਕ ‘ਮਿਲਾਂਗੇ ਜ਼ਰੂਰ ’ ਅਤੇ ਖਾਲਸਾ ਰਾਜ਼ ਨਾਲ ਸਬੰਧਤ ਸਾਹਿਤਕ ਪੁਸਤਕਾਂ ਦੀ ਭਰਪੂਰ ਵਿੱਕਰੀ ਹੋ ਰਹੀ ਹੈ।
ਉਨ੍ਹਾਂ ਆਖਿਆ ਕਿ ਸਾਹਿਤ ਪ੍ਰੇਮੀਆਂ ਨੇ ਉਮੀਦ ਤੋਂ ਜਿਆਦਾ ਉਤਸ਼ਾਹ ਦਿਖਾਇਆ ਹੈ। ਸ਼ਾਹ ਕਿਤਾਬ ਘਰ ਦੇ ਸ਼ਾਹ ਮੁਹੰਮਦ ਦਾ ਕਹਿਣਾ ਸੀ ਕਿ ਬਠਿੰਡੇ ਵਾਲਿਆਂ ਦਾ ਸੁਭਾਅ ਹੈ ਕਿ ਉਹ ਹਰ ਤਰਾਂ ਦੇ ਸਾਹਿਤ ’ਚ ਰੁਚੀ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਕੇ ਸੁਨਾਉਣ ਵਾਲੀਆਂ ਬਾਤਾਂ ਦੀ ਪੁਸਤਕ ‘ਦਿਓ ਛਲੇਡੇ ਪਰੀਆਂ’ ਨੂੰ ਤਾਂ ਪਾਠਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਿਕ ਰਾਜਨੀਤੀ ਨਾਲ ਸਬੰਧਤ ਪੁਸਤਕਾਂ ਕਾਫੀ ਵਿਕ ਰਹੀਆਂ ਹਨ। ਬੇਗਮਪੁਰਾ ਪ੍ਰਕਾਸ਼ਨ ਨਵਾਂ ਸ਼ਹਿਰ ਦੇ ਜਸਬੀਰ ਬੇਗਮਪੁਰੀ ਨੇ ਦੱਸਿਆ ਕਿ ਉਹ ਮੇਲੇ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਅਤੇ ਪਾਠਕ ਕਾਫੀ ਪਿਆਰ ਦੇ ਰਹੇ ਹਨ। ਇੱਕ ਸਟਾਲ ਤੇ ਨਰਿੰਦਰ ਕਪੁਰ ਤੋਂ ਇਲਾਵਾ ਬਲਦੇਵ ਸੜਕਨਾਮਾ ਦੀਆਂ ਪੁਸਤਕਾਂ ਵਿਕਦੀਆਂ ਦੇਖੀਆਂ ਗਈਆਂ ਜਦੋਂ ਕਿ ਕੁੱਝ ਪਬਲਿਸ਼ਰਾਂ ਨੇ ਪੁਸਤਕ ਮੇਲੇ ਚੋਂ ਅੰਗਰੇਜੀ ਸਾਹਿਤ ਦੀ ਵਿੱਕਰੀ ਨੂੰ ਭਰਵਾਂ ਹੁੰਗਾਰਾ ਮਿਲਣ ਬਾਰੇ ਦੱਸਿਆ।
ਇਸ ਮੌਕੇ ਕਈ ਸਟਾਲਾਂ ਦੇ ਸੰਚਾਲਕਾਂ ਨੇ ਦੱਸਿਆ ਕਿ ਪੇਂਡੂ ਪਾਠਕਾਂ ਦੇ ਆਉਣ ਕਾਰਨ ਪੁਸਤਕ ਮੇਲੇ ਤੇ ਪਾਠਕਾਂ ਦੀ ਤੋਟ ਪੈਣ ਦਾ ਕੋਈ ਅਸਰ ਨਹੀਂ ਦਿਸਦਾ ਹੈ। ਪੁਸਤਕ ਮੇਲੇ ਦੌਰਾਨ ਕੁੱਝ ਲੋਕਾਂ ਨੇ ਸੁਝਾਓ ਦਿੱਤੇ ਕਿ ਪਾਠਕ ਕਲਚਰ ਲਈ ਇੱਛਾ ਸ਼ਕਤੀ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰ ਵੀ ਪਾਠਕ ਕਲਚਰ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਜਿਸ ’ਚ ਸਰਕਾਰੀ ਪੱਧਰ ’ਤੇ ਬਣਦਾ ਯੋਗਦਾਨ ਪਾਇਆ ਜਾਣਾ ਵੀ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸਾਹਿਤਕ ਪੱਖ ਤੋਂ ਲੋਕਾਂ ਦਾ ਅਣਭਿੱਜ ਰਹਿਣ ਲਈ ਪੁਸਤਕਾਂ ਦੀ ਕੀਮਤ ਜ਼ਿਆਦਾ ਹੋਣਾ ਜਿੰਮੇਵਾਰ ਹੈ। ਇੰਨ੍ਹਾਂ ਲੋਕਾਂ ਨੇ ਨਕਲ ਪ੍ਰਵਿਰਤੀ ਨੂੰ ਪਾਠਕਾਂ ’ਚ ਪੜ੍ਹਨ ਦੀ ਰੁਚੀ ਦੇ ਘੱਟ ਹੋਣ ਦਾ ਕਾਰਨ ਦੱਸਿਆ। ਉਨ੍ਹਾਂ ਮੰਗ ਕੀਤੀ ਪ੍ਰਕਾਸ਼ਕ ਪੁਸਤਕਾਂ ਸਸਤੀਆਂ ਪ੍ਰਕਾਸ਼ਿਤ ਕਰਨ ਤੇ ਸਰਕਾਰਾਂ ਵੱਧ ਤੋਂ ਵੱਧ ਪਬਲਿਕ ਲਾਇਬ੍ਰੇਰੀਆਂ ਖੋਲ੍ਹਣ ਤਾਂ ਜੋ ਪਿੰਡ ਪੱਧਰ ਤੇ ਗਿਆਨ ਦਾ ਖਜਾਨਾ ਪੁੱਜਦਾ ਕੀਤਾ ਜਾ ਸਕੇ।
ਬੌਧਕ ਭੰਡਾਰ ਦੇ ਲਾਹੇ ਦੀ ਸਲਾਹ
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਸਾਹਿਤ ਪ੍ਰੇਮੀਆਂ ਅਤੇ ਪਾਠਕਾਂ ਨੂੰਪੁਸਤਕ ਮੇਲੇ ਵਿੱਚ ਪੁੱਜੇ ਬੌਧਿਕ ਭੰਡਾਰ ਦਾ ਵੱਧਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਐਤਕੀਂ ਮੇਲਾ ਜਾਗਦੇ ਜੁਗਨੂੰਆਂ ਦਾ ਪ੍ਰਚਾਰ ਵੀ ਕਾਫੀ ਹੋਇਆ ਹੈ ਅਤੇ ਪੁਸਤਕ ਮੇਲੇ ਵਿੱਚ ਪਬਲਿਸ਼ਰਾਂ ਨੂੰ ਪਾਠਕਾਂ ਤੋਂ ਭਰਵੀਂ ਉਮੀਦ ਹੈ । ਅਮਨ ਦਾਤੇਵਾਸੀਆ ਨੇ ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ’ਚ ਮਾਰਗ ਦਰਸ਼ਕ ਕਰਾਰ ਦਿੰਦਿਆਂ ਪਾਠਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਪੁਸਤਕਾਂ ਖਰੀਦਣ ਦੇ ਨਾਲ ਨਾਲ ਆਪਣੇ ਨਜ਼ਦੀਕੀਆਂ ਨੂੰ ਪੁਸਤਕ ਮੇਲੇ ਬਾਰੇ ਦੱਸ ਪਾਉਣ।