ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੋ.ਵੰਦਨਾ ਭੱਲਾ ਇੰਡੀਅਨ ਅਕੈਡਮੀ ਆਫ਼ ਸਾਇੰਸਿਜ਼ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ
ਅੰਮ੍ਰਿਤਸਰ, 9 ਜਨਵਰੀ 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੀ ਪ੍ਰੋ: ਵੰਦਨਾ ਭੱਲਾ ਨੂੰ ਇੰਡੀਅਨ ਅਕੈਡਮੀ ਆਫ਼ ਸਾਇੰਸਿਜ਼ (ਆਈਏਐਸ), ਬੰਗਲੌਰ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨਾਲ ਉਹ ਜਿੱਥੇ ਦੇਸ਼ ਦੇ ਪ੍ਰਮੁੱਖ ਵਿਗਿਆਨੀਆਂ ਵਿੱਚ ਸ਼ਾਮਿਲ ਹੋ ਗਏ ਹਨ ਉੱਥੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ 55 ਸਾਲਾਂ ਵਿੱਚ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਤੀਜੇ ਪ੍ਰੋਫ਼ੈਸਰ ਬਣ ਗਏ ਹਨ। ਇਸ ਨੂੰ ਯੂਨੀਵਰਸਿਟੀ ਦੀ ਇਤਿਹਾਸਕ ਪ੍ਰਾਪਤੀ ਦੱਸਦਿਆਂ ਜੀਐਨਡੀਯੂ ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਇਹ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਨੋਬਲ ਪੁਰਸਕਾਰ ਜੇਤੂ ਸਰ ਸੀ.ਵੀ. ਰਮਨ ਦੁਆਰਾ ਸਥਾਪਿਤ ਭਾਰਤੀ ਵਿਗਿਆਨ ਅਕੈਡਮੀ ਵੱਲੋਂ ਇਹ ਸਨਮਾਨ ਪ੍ਰੋ. ਭੱਲਾ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਮਾਨਤਾ ਮਹੱਤਵਪੂਰਨ ਖੋਜ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਇਸ ਨਾਲ ਉੱਚੇਰੀ ਸਿੱਖਿਆ ਦੇ ਖੇਤਰ ਅੰਦਰ ਯੂਨੀਵਰਸਿਟੀ ਦਾ ਕੱਦ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਸਭ ਤੋਂ ਮਾਣਯੋਗ ਵਿਗਿਆਨ ਅਕਾਦਮੀਆਂ ਵਿੱਚੋਂ ਇਹ ਇੱਕ ਹੈ, ਜੋ ਵਿਗਿਆਨਕ ਖੋਜ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ।ਜਿਕਰਯੋਗ ਹੈ ਕਿ ਜੈਵਿਕ ਅਤੇ ਭੌਤਿਕ-ਜੈਵਿਕ ਰਸਾਇਣ ਵਿਗਿਆਨ ਵਿੱਚ ਪ੍ਰੋ. ਭੱਲਾ ਦੇ ਆਪਣੇ ਕੰਮ ਦੀ ਬਦੌਲਤ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਉਸਦੀ ਖੋਜ ਜਲਮਈ ਮਾਧਿਅਮ ਵਿੱਚ ਸਵੈ-ਅਸੈਂਬਲੀ ਦੇ ਸਮਰੱਥ ਨਾਵਲ ਅਣੂ ਦੇ ਭਾਗਾਂ ਨੂੰ ਵਿਕਸਤ ਕਰਨ ਅਤੇ ਉਤਪ੍ਰੇਰਕ ਬਾਂਡ ਗਠਨ ਵਿੱਚ ਸੰਭਾਵੀ ਐਪਲੀਕੇਸ਼ਨਾਂ ਦੇ ਨਾਲ ਧਾਤ-ਮੁਕਤ ਫੋਟੋਸੈਂਸੀਟਾਈਜ਼ਿੰਗ ਅਸੈਂਬਲੀਆਂ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਹੈ। ਉਹਨਾਂ ਦੇ ਉੱਚ-ਪ੍ਰਭਾਵੀ ਜਰਨਲਾਂ ਵਿੱਚ 215 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਸ ਨਾਲ ਉਨ੍ਹਾਂ ਦਾ ਐਚ-ਇੰਡੈਕਸ 57 ਹੈ।
ਜੀਐਨਡੀਯੂ ਦੇ ਡੀਨ ਅਕਾਦਮਿਕ ਮਾਮਲੇ ਅਤੇ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਪਲਵਿੰਦਰ ਸਿੰਘ ਨੇ ਵੀ ਪ੍ਰੋ.ਭੱਲਾ ਨੂੰ ਵਧਾਈ ਦੇਂਦਿਆਂ ਉਨ੍ਹਾਂ ਦੀ ਬੇਮਿਸਾਲ ਖੋਜ ਆਉਟਪੁੱਟ ਅਤੇ ਅਕਾਦਮਿਕ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਹ ਫੈਲੋਸ਼ਿਪ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਜੀਐਨਡੀਯੂ ਭਾਈਚਾਰੇ ਦੇ ਸਮਰਥਨ ਦਾ ਪ੍ਰਮਾਣ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪ੍ਰੋ. ਭੱਲਾ ਨੂੰ ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ ਤੋਂ ਏ.ਵੀ. ਰਾਮਾ ਰਾਓ ਇਨਾਮ, ਐਸ.ਈ.ਆਰ.ਬੀ.-ਪਾਵਰ ਫੈਲੋਸ਼ਿਪ, ਇਨਸਾ ਟੀਚਰ ਅਵਾਰਡ, ਰਾਜੀਬ ਗੋਇਲ ਐਵਾਰਡ, ਇੰਡੀਅਨ ਕੈਮੀਕਲ ਸੁਸਾਇਟੀ ਦੁਆਰਾ ਪ੍ਰੋ.ਐਸ.ਐਸ. ਸੰਧੂ ਐਂਡੋਮੈਂਟ ਅਤੇ ਪਹਿਲਾ ਸ਼ਿਵ ਨਾਥ ਰਾਏ ਕੋਹਲੀ ਐਵਾਰਡ ਸ਼ਾਮਲ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੈਰੀਅਰ ਬੈਸਟ ਸਾਇੰਟਿਸਟ ਐਵਾਰਡ,ਯੂਨੀਵਰਸਿਟੀ ਥਾਮਸਨ ਰਾਇਟਰਜ਼ ਰਿਸਰਚ ਐਕਸੀਲੈਂਸ ਇੰਡੀਆ ਸਿਟੇਸ਼ਨ ਐਵਾਰਡ, ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ (ਸੀਆਰਐਸਆਈ), ਬੰਗਲੌਰ ਦੁਆਰਾ ਕਾਂਸੀ ਦਾ ਤਗਮਾ ਅਤੇ ਆਰਐਸਸੀ ਐਡਵਾਂਸ ਦੇ ਐਸੋਸੀਏਟ ਐਡੀਟਰ ਅਤੇ ਕੈਮਿਸਟਰੀ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਅਤੇ ਬੋਰਡ ਆਫ਼ ਏਸ਼ੀਅਨ ਜਰਨਲ ਆਫ਼ ਆਰਗੈਨਿਕ ਕੈਮਿਸਟਰੀ ਦੇ ਵੀ ਮੈਂਬਰ ਹਨ। ਪ੍ਰੋ. ਭੱਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦਾ ਉਚੇਚੇ ਤੌਰ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦਾ ਸਭਿਆਚਾਰ ਹੀ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਿਹਾ ਹੈ। ਜਿਸ ਦੇ ਲਈ ਯੂਨੀਵਰਸਿਟੀ ਦਾ ਸਾਰਾ ਭਾਈਚਾਰਾ ਹੀ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਦਾ ਕਾਇਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜ ਕੈਰੀਅਰ ਵਿਚ ਕੀਤੀ ਮਦਦ ਹੀ ਉਨ੍ਹਾਂ ਨੂੰ ਇਸ ਫੈਲੋਸ਼ਿਪ ਅਤੇ ਹੋਰ ਐਵਾਰਡਾਂ ਤਕ ਲੈ ਕੇ ਗਈ ਹੈ।