ਕੋਲੋਂ ਪੈਸੇ ਖਰਚ ਕਰਕੇ ਨੌਜਵਾਨਾਂ ਨੇ ਰਸਤੇ ਤੇ ਲਗਵਾ ਦਿੱਤੀਆਂ ਸੋਲਰ ਲਾਈਟਾਂ
ਚਾਰ ਸਾਲ ਤੋਂ ਵੰਡ ਰਹੇ ਅਤੇ ਲਗਾ ਰਹੇ ਫਲਦਾਰ ਅਤੇ ਛਾਂਦਾਰ ਬੂਟੇ
ਰੋਹਿਤ ਗੁਪਤਾ
ਗੁਰਦਾਸਪੁਰ , 23 ਫਰਵਰੀ 2025 : ਇਤਿਹਾਸਿਕ ਗੁਰਦੁਆਰਾ ਬਾਬਾ ਸ਼੍ਰੀ ਚੰਦ ਸਾਹਿਬ ਦੇ ਆਲੇ ਦੁਆਲੇ ਰਹਿਣ ਵਾਲੇ ਪਿੰਡਾਂ ਦੇ 18 ਤੋਂ 25 ਸਾਲ ਦੇ ਨੌਜਵਾਨਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਹੈ। ਬਾਬਾ ਸ਼੍ਰੀ ਚੰਦ ਜੀ ਦਾ ਬਾਗ ਦੇ ਨਾਂ ਤੇ ਬਣਾਈ ਸੰਸਥਾ ਰਾਹੀਂ ਇਹ ਨੌਜਵਾਨ ਚਾਰ ਸਾਲ ਤੋਂ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਤੋਂ ਦੋ ਮਹੀਨੇ ਪਹਿਲਾਂ ਛਾਂਦਾਰ ਅਤੇ ਫਲਦਾਰ ਬੂਟੇ ਵੰਡਣੇ ਸ਼ੁਰੂ ਕਰਦੇ ਹਨ । ਕੁਝ ਪੌਦੇ ਜੰਗਲਾਤ ਵਿਭਾਗ ਮੁਫਤ ਇਹਨਾਂ ਨੂੰ ਮੁਹਈਆ ਕਰਵਾਉਂਦਾ ਹੈ ਤੇ ਕੁਝ ਪੌਦੇ ਖਰੀਦ ਕੇ ਲਿਆਂਦੇ ਹਨ। ਹੁਣ ਤੱਕ 10 ਹਜਾਰ ਦੇ ਕਰੀਬ ਪੌਦੇ ਵੰਡ ਚੁੱਕੇ ਇਹ ਨੌਜਵਾਨ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੇ ਦੋਨਾਂ ਪਾਸੇ ਕਿਨਾਰਿਆਂ ਤੇ ਤਿੰਨ ਸਾਲਾਂ ਵਿੱਚ 3000 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਵੀ ਚੁੱਕੇ ਹਨ ਤੇ ਹੁਣ ਸਵੇਰੇ ਤੜਕਸਾਰ ਅਤੇ ਦੇਰ ਰਾਤ ਤੱਕ ਆਉਂਦੀ ਜਾਂਦੀ ਸੰਗਤ ਦੀ ਸਹੂਲਤ ਲਈ ਇਸ ਰਸਤੇ ਵਿੱਚ 13 ਸੋਲਰ ਲਾਈਟਾਂ ਇਹਨਾਂ ਨੌਜਵਾਨਾਂ ਨੇ ਆਪਣੇ ਹੱਥੀ ਲਗਾਈਆਂ ਹਨ ਜਿਸ ਕਾਰਨ ਇਸ ਰਸਤੇ ਦੇ ਕੁਝ ਹਿੱਸੇ ਦਾ ਰਾਤ ਦਾ ਹਨੇਰਾ ਵੀ ਦੂਰ ਹੋ ਗਿਆ ਹੈ। ਇਹਨਾਂ ਦਾ ਇਰਾਦਾ ਹੁਣ ਪੂਰੇ ਰਸਤੇ ਵਿੱਚ ਸੋਲਰ ਲਾਈਟਾਂ ਲਗਵਾਉਂਣ ਦਾ ਹੈ।