ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ: ਬਾਬਾ ਬਲਬੀਰ ਸਿੰਘ ਅਕਾਲੀ
ਅੰਮ੍ਰਿਤਸਰ:- 23 ਫਰਵਰੀ 2025 - ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਸੁਰ ਹੋ ਕੇ ਖਾਲਸਾ ਪੰਥ ਦੀਆਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਸੰਕਟ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਸਿਰਜੋੜ ਕੇ ਗੁਰਮਤੇ ਕੀਤੇ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਰਾਜਸੀ ਜਥੇਬੰਦੀਆਂ ਆਪਣੀ ਹਾਉਮੈ ਹੰਕਾਰ ਨੂੰ ਤਿਆਗ ਕੇ ਪੰਥਕ ਰੂਹੁਰੀਤਾਂ ਨੂੰ ਜ਼ਿੰਦਾ ਰੱਖਣ।
ਗੁਰਦੁਆਰਾ ਬਾਬਾ ਨੋਧ ਸਿੰਘ ਸਮਾਧ ਚੱਬਾ ਵਿਖੇ ਅੱਜ ਸਲਾਨਾ ਜੋੜ ਮੇਲੇ ਸਮੇਂ ਜੁੜੇ ਨਿਹੰਗ ਸਿੰਘਾਂ ਦੇ ਵਿਸਾਲ ਇਕੱਠ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਲੁੱਟਣ ਕੁੱਟਣ ਵਾਲੇ ਹਮਲਾਵਰਾਂ ਨੂੰ ਨਿਹੰਗ ਸਿੰਘ ਫੌਜਾਂ ਹੀ ਚਨੇ ਚਬਾਉਂਦੀਆਂ ਰਹੀਆਂ ਹਨ। ਪਰ ਰਾਜਸੀ ਲੋਕਾਂ ਨੇ ਪੰਜਾਬ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ। ਅੱਜ ਜੋ ਪੰਜਾਬ ਅੰਦਰ ਵਾਪਰ ਰਿਹਾ ਹੈ ਕਿਧਰੇ ਨਸ਼ਿਆਂ ਦਾ ਦਰਿਆ, ਕਿਧਰੇ ਬੇਰੁਜਗਾਰੀ, ਕਿਧਰੇ ਲੁਟਾਂ ਖੋਹਾਂ ਕਤਲੋ ਗਾਰਤ ਦਾ ਭਾਰੀ ਬੋਲਬਾਲਾ ਹੈ। ਕਿਧਰੇ ਧਾਰਮਿਕ ਕੌਮੀ ਸੰਸਥਾਵਾਂ ਨੂੰ ਤਬਾਅ ਕਰਨ ਲਈ ਗੁਝੇ ਹਮਲੇ ਹੋ ਰਹੇ ਹਨ।
ਉਨ੍ਹਾਂ ਕਿਹਾ ਬਿਨਸ ਰਿਹਾ ਇਹ ਵਰਤਾਰਾ ਸਾਡੇ ਸਾਰਿਆਂ ਲਈ ਤਬਾਹੀ ਦਾ ਸੱਦਾ ਹੈ। ਬਾਬਾ ਬਿਧੀਚੰਦ ਸਾਹਿਬ ਸੰਪਰਦਾ ਤਰਨਾ ਦਲ ਸੁਰ ਸਿੰਘ ਵਾਲਿਆਂ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਨੇ ਬਾਬਾ ਬਲਬੀਰ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਥਕ ਹਿੱਤਾਂ ਦੀ ਰਾਖੀ ਲਈ ਮਤੇ ਨਹੀਂ ਗੁਰਮਤਿਆ ਦਾ ਰਾਹ ਅਪਨਾਉਣਾ ਚਾਹੀਦਾ ਹੈ। ਏਸੇ ਤਰ੍ਹਾਂ ਹੀ ਤਰਨਾ ਦਲ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਨੇ ਦੂਰ ਦੁਰਾਡੇ ਤੋਂ ਸੰਗਤਾਂ ਤੇ ਵਿਸ਼ੇਸ਼ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਜੇਕਰ ਸ. ਸੁਖਬੀਰ ਸਿੰਘ ਬਾਦਲ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਪੁਜਦਾ ਹੈ ਤਾਂ ਉਸ ਲਈ ਗਿ. ਹਰਪ੍ਰੀਤ ਸਿੰਘ ਸਿਧੇ ਰੂਪ ਵਿੱਚ ਜੁੰਮੇਵਾਰ ਹੋਣਗੇ। ਸਮਾਗਮ ਵਿੱਚ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਸਾਧ ਜੀ ਸੁਰਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਅਤੇ ਇਲਾਕੇ ਦੀ ਵੀ ਸੰਗਤਾਂ ਹਾਜ਼ਰ ਸਨ ਇਸ ਸਮੇਂ ਬਾਬਾ ਗੁਰਵਿੰਦਰ ਸਿੰਘ ਨੰਗਲੀ ਨੇ ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਈ।