ਕੈਂਸਰ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਕੈਂਪ ਲਗਾਇਆ
ਫਾਜ਼ਿਲਕਾ 15 ਫਰਵਰੀ
ਕੈਂਸਰ ਵਰਗੀ ਮਾਰੂ ਬਿਮਾਰੀ ਦੇ ਮਾਮਲੇ ਜਿੱਥੇ ਵੱਡੀ ਉਮਰ ਦੇ ਲੋਕਾਂ ਵਿੱਚ ਵਧੇਰੇ ਪਾਏ ਜਾਂਦੇ ਹਨ, ਉੱਥੇ ਹੁਣ ਬੱਚਿਆਂ ਵਿੱਚ ਵੀ ਇਸ ਭਿਆਨਕ ਬਿਮਾਰੀ ਦਾ ਹੋਣਾ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਬੱਚਿਆਂ ਵਿੱਚ ਹੋਣ ਵਾਲੇ ਕੈਂਸਰ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਹਰ ਸਾਲ ਵਿਸ਼ਵ ਪੱਧਰ ਤੇ ਫਰਵਰੀ ਮਹੀਨੇ ਵਿੱਚ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ ਮਨਾਇਆ ਜਾਂਦਾ ਹੈ।
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਲਹਿੰਬਰ ਰਾਮ ਦੀ ਯੋਗ ਅਗਵਾਈ ਅਤੇ ਡਾਕਟਰ ਪੰਕਜ ਚੌਹਾਨ ਦੀ ਦੇਖ ਰੇਖ ਹੇਠ ਮਾਸ ਮੀਡੀਆ ਵਿੰਗ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਰਾਂਹੀ ਘਰ-ਘਰ ਜਾਗਰੂਕਤਾ ਪਹੁੰਚਾਉਣ ਲਈ ਪਿੰਡ ਸਲੈਮ ਸ਼ਾਹ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਬੀਈਈ ਦਿਵੇਸ਼ ਵੱਲੋਂ ਲੋਕਾਂ ਨੂੰ ਬੀਮਾਰੀ ਬਾਰੇ ਦੱਸਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਬੱਚਿਆਂ ਵਿੱਚ ਲਿਊਕੇਮੀਆ, ਦਿਮਾਗ ਦਾ ਕੈਂਸਰ, ਠੋਸ ਟਿਊਮਰ ਅਤੇ ਹੱਡੀਆਂ ਦਾ ਕੈਂਸਰ ਆਦਿ ਆਮ ਤੌਰ ਤੇ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਖ ਦੇ ਵਿੱਚ ਚਿੱਟੇ ਨਿਸ਼ਾਨ, ਅੱਖਾਂ ਦਾ ਟੇਢਾਪਨ, ਅਚਾਨਕ ਅੱਖਾਂ ਦਾ ਉਭਰਨਾ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ, ਅਚਾਨਕ ਬੁਖਾਰ, ਲਗਾਤਾਰ ਖਾਂਸੀ, ਸਵੇਰ ਸਮੇਂ ਤੇਜ ਸਿਰ ਦਰਦ ਅਤੇ ਉਲਟੀ ਆਉਣਾ, ਹੱਡੀਆਂ ਵਿੱਚ ਅਚਾਨਕ ਦਰਦ ਅਤੇ ਸੋਜ ਆਦਿ ਬੱਚਿਆਂ ਵਿੱਚ ਕੈਂਸਰ ਦੇ ਲੱਛਣ ਹੋ ਸਕਦੇ ਹਨ ਅਤੇ ਇਨ੍ਹਾਂ ਲੱਛਣਾ ਪ੍ਰਤੀ ਮਾਪਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।
ਇਸ ਦੋਰਾਨ ਸਰਕਾਰ ਵਲੋ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਦੋਰਾਨ ਮਿਲਣ ਵਾਲੇ ਡੇਢ ਲੱਖ ਦੀ ਰਾਸ਼ੀ ਇਲਾਜ ਲਈ ਵੀ ਦਸਿਆ ਗਿਆ। ਇਸ ਦੋਰਾਨ ਸੰਤੁਲਿਤ ਡਾਇਟ ਬਾਰੇ ਵੀ ਦੱਸਿਆ ਕਿ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖਿਆ ਜਾਵੇ ਅਤੇ ਘਰ ਦਾ ਬਣਾਇਆ ਭੋਜਨ ਹੀ ਬੱਚਿਆਂ ਨੂੰ ਦਿੱਤਾ ਜਾਵੇ।
ਇਸ ਦੋਰਾਨ ਸਿਹਤ ਕਰਮਚਾਰੀ ਵਿਕੀ ਕੁਮਾਰ, ਮਨਜੀਤ ਕੌਰ ਆਸ਼ਾ ਵਰਕਰ, ਆਸ਼ੂ ਬਾਲਾ ਅਤੇ ਬਲਜਿੰਦਰ ਕੌਰ ਹਾਜਰ ਸੀ।