ਅਮਰੀਕਾ ਤੋਂ ਕੱਢੇ ਭਾਰਤੀਆਂ ਨੂੰ ਕੱਲ੍ਹ ਅਸੀਂ ਇੱਜਤ ਨਾਲ ਕਰਾਂਗੇ ਰਿਸੀਵ -ਭਗਵੰਤ ਮਾਨ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 14 ਫਰਵਰੀ 2025- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਭਲਕੇ ਸਾਰੇ ਡਿਪੋਰਟ ਹੋਏ ਭਾਰਤੀਆਂ ਨੂੰ ਇੱਜਤ ਨਾਲ ਰਿਸੀਵ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਜਦੋਂ ਬੰਗਲਾਦੇਸ਼ ਤੋਂ ਭੱਜਦੀ ਹੈ ਤਾਂ ਉਸਨੂੰ ਗਾਜੀਆਬਾਦ ਉਤਾਰਿਆ ਜਾਂਦਾ ਹੈ, ਫਿਰ ਡਿਪੋਰਟ ਭਾਰਤੀਆਂ ਦਾ ਜਹਾਜ਼ ਦਿੱਲੀ, ਹਰਿਆਣਾ ਜਾਂ ਫਿਰ ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਜਾਂਦਾ? ਉਨ੍ਹਾਂ ਕਿਹਾ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਫੇਲ ਦੀ ਖੇਪ ਅੰਬਾਲੇ ਉੱਤਰ ਸਕਦੀ ਹੈ ਤਾਂ ਫਿਰ ਡਿਪੋਰਟ ਭਾਰਤੀ ਕਿਉਂ ਨਹੀਂ ਉੱਥੇ ਉਤਾਰੇ ਜਾ ਸਕਦੇ?
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਜਦੋਂ ਅਸੀਂ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ ਤੋਂ ਕੈਨੇਡਾ, ਅਮਰੀਕਾ, ਯੂਕੇ ਜਾਂ ਫਿਰ ਹੋਰਨਾਂ ਵੱਡੇ ਮੁਲਕਾਂ ਲਈ ਉਡਾਨਾਂ ਸ਼ੁਰੂ ਕਰਨ ਦੀ ਮੰਗ ਲੈ ਕੇ ਵਿਦੇਸ਼ ਮੰਤਰਾਲੇ ਕੋਲ ਜਾਂਦੇ ਹਾਂ ਤਾਂ ਸਾਡੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ, ਪਰ ਹੁਣ ਜਦੋਂ ਡਿਪੋਰਟ ਹੋ ਕੇ ਭਾਰਤੀ ਆਪਣੇ ਵਤਨ ਆ ਰਹੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਪੰਜਾਬ ਦੇ ਅੰਮ੍ਰਿਤਸਰ ਵਿਚ ਹੀ ਕਿਉਂ ਉਤਾਰਿਆ ਜਾ ਰਿਹਾ ਹੈ, ਜਦੋਂਕਿ ਇਹ ਰਾਸ਼ਟਰੀ ਸਮੱਸਿਆ ਹੈ ਅਤੇ ਚਾਹੀਦਾ ਹੈ ਕਿ ਦਿੱਲੀ ਹਵਾਈ ਅੱਡੇ ਤੇ ਇਨ੍ਹਾਂ ਡਿਪੋਰਟ ਹੋਏ ਭਾਰਤੀਆਂ ਨੂੰ ਉਤਾਰਿਆ ਜਾਵੇ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ।