ਦੁਆਬੇ ਦੀ ਧੀ ਹਰਸ਼ਦੀਪ ਕੌਰ ਗੜ੍ਹਸ਼ੰਕਰ ਸਿਰ 'ਤੇ ਸਜੀ ਸੱਗੀ
- ਪੰਜਾਬ ਦੇ ਕੋਨੇ-ਕੋਨੇ ਵਿੱਚੋਂ 114 ਧੀਆਂ ਨੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਵਿੱਚ ਲਿਆ ਭਾਗ,ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਆਪਣੀ ਸਾਫ ਸੁਥਰੀ ਗਾਇਕੀ ਨਾਲ ਸਟੇਜ ਤੇ ਛਾਏ ਰਹੇ
ਰੋਹਿਤ ਗੁਪਤਾ
ਗੁਰਦਾਸਪੁਰ, 8 ਫਰਵਰੀ 2025 - ਵਿਸ਼ਵ ਪੱਧਰ ਤੇ ਪਛਾਣ ਬਣਾਉਣ ਵਾਲਾ ਧੀਆਂ-ਧਿਆਣੀਆ ਵਿਰਾਸਤੀ ਲੋਕ-ਕਲਾਵਾਂ ਮੇਲੇ ਸੁਨੱਖੀ ਪੰਜਾਬਣ ਮੁਟਿਆਰ ਅੱਜ ਸਥਾਨਿਕ ਰਾਮ ਸਿੰਘ ਦੱਤ ਹਾਲ ਵਿਖੇ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਵੱਲੋਂ ਕਰਵਾਇਆ ਗਿਆ।ਇਸ ਮੁਕਾਬਲੇ ਦੀ ਘੁੰਡ ਚੁਕਾਈ ਦੀ ਰਸਮ ਸ.ਬਰਿੰਦਰਮੀਤ ਸਿੰਘ ਪਾਹੜਾ ਜਿਲਾ ਪ੍ਰਧਾਨ ਕਾਂਗਰਸ ਅਤੇ ਵਿਧਾਇਕ ਗੁਰਦਾਸਪੁਰ ਵੱਲੋਂ ਕੀਤੀ ਗਈ ਅਤੇ ਦੀਵੇ ਦੀ ਲੋਅ ਕਰਨ ਦੀ ਰਸਮ ਸ੍ਰੀ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਪੰਜਾਬ ਅਤੇ ਪਿੜ ਪਰਿਵਾਰ ਵੱਲੋ ਸਾਂਝੇ ਤੌਰ ਤੇ ਕੀਤੀ ਗਈ।
ਇਸ ਮੌਕੇ ਮਾਹਿਰਾਂ ਔਰਤਾਂ ਜੱਜਾਂ ਵੱਲੋਂ ਹਰਸ਼ਦੀਪ ਕੌਰ ਗੜ੍ਹਸ਼ੰਕਰ ਮੁਟਿਆਰ ਸੁਨੱਖੀ ਪੰਜਾਬਣ ਮੁਟਿਆਰ ਦੀ ਖਿਤਾਬ ਨਾਲ ਸਨਮਾਨਿਤ ਕਰਕੇ ਉਸ ਨੂੰ ਸੱਗੀ ਦਿੱਤੀ ਗਈ।ਜਦੋਂ ਕਿ ਨਿੰਮੀ ਬੈਂਸ ਪੀ ਏ ਯੂ ਲੁਧਿਆਣਾ ਨੇ ਦੂਜਾ ਸਥਾਨ, ਸਿਮਰਨਜੀਤ ਕੌਰ ਡੀ ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।ਪੰਜਾਬੀ ਸੱਭਿਆਚਾਰ ਨਾਲ ਜੁੜੇ ਇਸ ਵਿਲੱਖਣ ਪੁਰਾਤਨ ਸੱਭਿਆਚਾਰ ਨਾਲ ਸਬੰਧਿਤ ਮੁਕਾਬਲਾ ਸਵੇਰੇ 10 ਤੋਂ ਸ਼ਾਮ ਤੱਕ 5 ਵਜੇ ਲਗਾਤਾਰ 8 ਘੰਟੇ ਚੱਲੇ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਜਿਲ੍ਹੇ ਦੇ ਪੰਜਾਬੀ ਸੱਭਿਆਚਾਰ ਨੂੰ ਪ੍ਰੇਮ ਕਰਨ ਵਾਲੇ ਸਰੋਤੋ ਲਗਾਤਾਰ ਬੈਠੇ ਰਹੇ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆ।ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ.ਟੀ.ਓ ਬਿਜਲੀ ਅਤੇ ਨਿਰਮਾਣ ਮੰਤਰੀ ਪੰਜਾਬ ਦੀ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨੂੰ ਬਹੁਤ ਹੀ ਸੁਲਝੇ ਢੰਗ ਨਾਲ ਸ਼ਬਦਾਂ ਨੂੰ ਬੋਲਦੇ ਹੋਏ ਧੀਆਂ-ਧਿਆਣੀਆਂ ਨੂੰ ਵਧਾਈ ਦਿੱਤੀ ਕਿ ਤੁਸੀਂ ਪੰਜਾਬ ਦੀ ਵਾਗ ਡੋਰ ਹੋ ਅਤੇ ਪੰਜਾਬੀਅਤ ਨੂੰ ਹਮੇਸ਼ਾ ਹੀ ਇਸੇ ਤਰਾਂ ਸਾਂਭ ਕੇ ਰੱਖੋ। ਉਨਾਂ ਮੰਤਰੀ ਸਾਹਿਬ ਦੇ ਅਖਤਿਆਰੀ ਫੰਡ ਚੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਲੋਕ ਸੱਭਿਆਚਾਰਕ ਪਿੜ ਦੇ ਬਾਨੀ ਸ ਅਜੈਬ ਸਿੰਘ ਚਾਹਲ, ਸਰਪ੍ਰਸਤ ਬੀਬੀ ਅਮਰੀਕ ਕੌਰ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ,ਪਿੜ ਮੁੱਖ ਬੁਲਾਰੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮੁੱਖ ਸਲਾਹਕਾਰ ਡਾ.ਐਸ.ਯੂਸਫ,ਪਿੜ ਦੀ ਕੋਆਡੀਨੇਟਰ ਸ੍ਰੀ ਕੁਲਵਿੰਦਰ ਕੌਰ, ਡਰਾਇਕੈਟਰ ਡਾ.ਅਮਰਜੀਤ ਕੌਰ ਕਾਲਕਟ, ਵਿਸ਼ੇਸ਼ ਬੁਲਾਰੀ ਡਾ.ਰੁਪਿੰਦਰਜੀਤ ਕੌਰ ਗਿੱਲ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਬਣਾਈ ਗਈ ਸਟੇਜ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਜਿਸ ਉਪਰ ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਖੂਬ ਸੂਰਤ ਢੰਗ ਨਾਲ ਪ੍ਰਦਰਸ਼ਿਤ ਕੀਤੀਆਂ ਹੋਈਆਂ ਸਨ।
ਚੇਅ.ਬਹਿਲ, ਵਿਧਾਇਕ ਪਾਹੜਾ ਤੇ ਟਾਂਗੇ 'ਤੇ ਸਵਾਰ ਹੋ ਕੇ ਪਹੁੰਚੇ ਮੇਲੇ ਵਿੱਚ ਪਿੜ ਵਲੋਂ ਕਰਵਾਏ ਜਾਂਦੇ ਮੇਲੇ ਦੀ ਖ਼ਾਸੀਅਤ ਇਹ ਹੈ ਕਿ ਇਹ ਪੁਰੀ ਤਰ੍ਹਾਂ ਸੱਭਿਆਚਾਰ ਦੇ ਰੰਗ ਵਿਚ ਰੰਗਿਆ ਹੁੰਦਾ ਹੈ। ਇਸੇ ਲਈ ਮੇਲੇ 'ਚ ਪਹੁੰਚਣ ਵਾਲੇ ਹਰ ਇਕ ਪ੍ਰਾਹੁਣੇ ਦੀ ਆਓ ਭਗਤ ਪੁਰਾਤਨ ਢੰਗ ਨਾਲ ਟਾਂਗੇ 'ਤੇ ਬਿਠਾ ਕੇ ਮੇਲੇ 'ਚ ਲਿਆਂਦਾ ਜਾਂਦਾ ਹੈ ਤੇ ਫੁਲਕਾਰੀ ਦੀ ਛਾਂ ਹੇਠਾਂ ਉਨ੍ਹਾਂ ਨੂੰ ਮੰਚ ਤੱਕ ਪੁੱਜਦਾ ਕੀਤਾ ਜਾਂਦਾ ਹੈ ਅਤੇ ਜਿੱਥੇ ਬੂਹੇ ਵਿਚ ਤੇਲ 'ਚੋਂ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਪੁਰਾਤਨ ਹਾਰਾ ਨਾਲ ਜੋ ਕਿ ਮੂੰਗਫਲੀ ਠੂਠੀ ਨਾਲ ਬਣਾਏ ਹੋਏ ਹਰ ਮਹਿਮਾਨ ਦੇ ਗਲਾਂ ਵਿੱਚ ਪਾ ਕੇ ਸਵਾਗਤ ਕੀਤਾ ਗਿਆ।
ਇਸੇ ਤਰ੍ਹਾਂ ਅੱਜ ਜਦੋਂ ਚੇਅਰਮੈਨ ਰਮਨ ਬਹਿਲ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ,ਸਮੇਤ ਹੋਰ ਅਧਿਕਾਰੀ ਟਾਂਗੇ 'ਤੇ ਸਵਾਰ ਹੋ ਕੇ ਮੇਲੇ 'ਚ ਪਹੁੰਚੇ ਤਾਂ ਜਿੱਥੇ ਅਧਿਕਾਰੀ ਖ਼ੁਦ ਖ਼ੁਸ਼ ਹੋਏ, ਉੱਥੇ ਲੋਕ ਵੀ ਇਹ ਨਜ਼ਾਰਾ ਦੇਖ ਕੇ ਵਾਹ-ਵਾਹ ਕਰ ਉੱਠੇ।
ਪੂਰੇ ਮੇਲੇ ਵਿੱਚ ਧੀਆਂ ਵੱਲੋਂ ਸਿਰ ਤੇ ਡਲ ਅਤੇ ਪਰਾਤ ਰੱਖ ਕੇ ਗੁੜ, ਪਤਾਸੇ, ਗੁਲਗਲੇ ਪਾ ਕੇ ਵੰਡੇ ਗਏ। ਇਹ ਦ੍ਰਿਸ਼ ਆਉਣ ਲੱਗ ਰਿਹਾ ਸੀ ਕਿ ਜਿੱਦਾਂ ਫਿਰ ਪੰਜਾਬ ਦੇ ਅਲੋਪ ਹੋਏ ਰੀਤੀ ਰਿਵਾਜ ਉਗੜ ਕੇ ਸਾਹਮਣੇ ਆ ਗਏ ਹੋਣ।
ਗੱਲ ਕਿ ਪ੍ਰੋਗਰਾਮ ਦਾ ਪੂਰਾ ਮਹੌਲ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਹੂ-ਬ-ਹੂ ਤਸਵੀਰ ਪੇਸ਼ ਕਰ ਰਿਹਾ ਸੀ ਜੋ ਦਰਸ਼ਕਾਂ ਉਪਰ ਪ੍ਰਤੱਖ ਰੂਪ ਵਿੱਚ ਆਪਣੀ ਅਮਿੱਟ ਯਾਦ ਛੱਡਦਾ ਜਾ ਰਿਹਾ ਸੀ।ਵੱਖ-ਵੱਖ ਲੋਕ-ਕਲਾਵਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਜਦੋਂ ਖੂਬ ਸੂਰਤ ਉੱਚੀਆਂ ਲੰਮ ਸਲੱਮੀਆਂ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਮੁਟਿਆਰਾਂ ਸਟੇਜ ਤੇ ਪੁੱਜੀਆਂ ਤਾਂ ਸਰੋਤਿਆਂ ਨੇ ਅਕਾਸ਼ ਗੁੰਜਾਊ ਤਾੜੀਆਂ ਨਾਲ ਉਨਾਂ ਦਾ ਸਵਾਗਤ ਕੀਤਾ।ਜਦੋਂ ਕਿ ਸਟੇਜ ਸਕੱਤਰ ਦਾ ਫਰਜ ਬਹੁਤ ਹੀ ਖੁਬਸੂਰਤ ਢੰਗ ਨਾਲ ਪ੍ਰਸਿੱਧ ਮੰਚ ਸੰਚਾਲਕਾ ਡਾ:ਰੁਪਿੰਦਰਜੀਤ ਕੌਰ ਗਿੱਲ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ.ਸੁਰਖਾਬ ਸ਼ੈਲੀ ਨੇ ਸਾਂਝੇ ਤੌਰ ਤੇ ਬਾਖੂਬੀ ਨਿਭਾਅ ਰਹੇ ਸਨ।
ਸੁਨੱਖੀ ਪੰਜਾਬਣ ਮੁਟਿਆਰ ਦੇ ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਸ੍ਰੀਮਤੀ ਕਿਰਨਦੀਪ ਕੌਰ,ਸ੍ਰੀਮਤੀ ਰਜਨੀਸ਼ ਕੌਰ, ਡਾ: ਕੁਲਵਿੰਦਰ ਕੌਰ ਸਰਾਂ ਨੇ ਨਿਭਾਈ। ਮੁਟਿਆਰਾ ਨੇ ਵਿਰਸੇ ਨਾਲ ਜੁੜੇ ਕੰਮਕਾਜ ਬਹੁਤ ਵਧੀਆ ਢੰਗ ਨਾਲ ਕਰ ਕੇ ਵਿਖਾਏ ਜਿਵੇ ਪਿੱਤਲ ਦੀ ਗਾਗਰ ਉਤੇ ਆਟੇ ਦੇ ਦੀਵੇ ਬਣਾ ਕੇ ਜਾਗੋ ਤਿਆਰ ਕਰਨੀ,ਘੜੇ ਉਤੇ ਸੇਵੀਆਂ ਵੱਟਣੀਆਂ,ਵੇਲਣੇ ਨਾਲ ਕਪਾਹ ਵੇਲਣੀ,ਛੱਜ ਨਾਲ ਦਾਣੇ ਛੱਟਣੇ,ਨਾਲੇ ਬਣਾਉਣਾ (ਬੁਣਨਾ),ਜਵਾਰ ਦਾ ਆਟਾ ਗੁੰਨਣਾ ਅਤੇ ਰੋਟੀ ਪਕਾਉਣੀ,ਪੂਣੀਆਂ ਵੱਟਣੀਆਂ,ਚਰਖੇ ਤੇ ਰੂੰ ਕੱਤਣਾ ਅਤੇ ਟੇਰਨੇ ਤੇ ਸੂਤ ਵਲੇਟਣਾ,ਚੱਕੀ ਤੇ ਦਾਣੇ ਪੀਹਣੇ,ਗੀਟੇ ਖੇਡਣੇ,ਸਾਗ ਦੀਆਂ ਗੰਦਲਾਂ ਉਤੋਂ ਛਿੱਲੜ ਲਾਉਣੀ ਅਤੇ ਸਾਗ ਚੀਰਨਾ ਤੇ ਘੋਟਣਾ,ਮਧਾਣੀ ਨਾਲ ਦਹੀਂ ਰਿੜਕਣਾ,ਖੇਸ ਦੇ ਡੋਰੇ ਵੱਟਣੇ,ਗੰਨਾ ਚੂਪਣਾ,ਉੱਖਲੀ ਵਿਚ ਦਾਣੇ ਕੁੱਟਣੇ,ਚੌਂਕ ਪੂਰਣਾ,ਚੂਰੀ ਬਣਾਉਣੀ,ਮਿੱਟੀ ਦੀ ਕੰਧ ਉਤੇ ਬੂਟੀਆਂ ਪਾਉਣਾ,ਨਾਲੇ ਦਾ ਤਾਣਾ ਪਾਉਣਾ,ਚਰਖੇ ਦੇ ਫੱਟਾ ਤੇ ਬੇਰ ਪਾਉਣਾ,ਛਾਬੀ ਬਣਨੀ,ਮਿੱਟੀ ਦੇ ਖਿਡੌਣੇ ਬਣਾਉਣੇ,ਰਜਾਈ ਨਗੰਦਣਾ,ਦਰੀ ਬਣਾਉਣਾ,ਸਵੈਟਰ ਤੇ ਬੁਨਤੀ (ਨਮੂਨਾ) ਪਾਉਣਾ,ਚੁੱਲੇ ਨੂੰ ਮਿੱਟੀ ਲਾਉਣੀ ਅਤੇ ਰੀਣੀ ਲਾਉਣੀ,ਸੁਰਮਾ ਪੀਹਣਾ,ਤੰਦੂਰ ਤੇ ਰੋਟੀ ਲਾਉਣੀ,ਮੰਜੀ,ਪੀੜੀ ਨੂੰ ਵਾਣ ਨਾਲ ਬੁਣਨਾ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਤੇ ਪੰਜਾਬ ਭਰ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆਂ ਪੰਜਾਬ ਦੀਆਂ 5 ਨਾਮਵਰ ਸ਼ਖਸ਼ੀਅਤਾਂ ਨੂੰ ਪੁਰਸਕਾਰ ਦਿਤੇ ਗਏ।ਜਿੰਨਾਂ ਵਿੱਚ ਸ ਬਲਰਾਜ ਜੀ ਨੂੰ ਲੋਕ ਗਾਇਕੀ ਦੇ ਖੇਤਰ ਤੇ ਕੰਮ ਕਰਨ ਲਈ " ਸੁਰਾਂ ਦਾ ਵਣਜਾਰਾ " ਸਵ: ਹੈਪੀ ਮਾਨ ਯਾਦਗਾਰੀ ਪੁਰਸਕਾਰ,ਸ ਪ੍ਰੀਤ ਕੋਹਲੀ ਜੀ ਨੂੰ ਪੰਜਾਬੀ ਸੱਭਿਆਚਾਰ ਨੂੰ ਤਹਿ ਦਿਲੋਂ ਸਾਂਭਣ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ " ਸੱਭਿਆਚਾਰ ਦਾ ਸੂਬੇਦਾਰ " ਸਵ: ਭਾਗ ਸਿੰਘ ਯਾਦਗਾਰੀ ਪੁਰਸਕਾਰ,ਸ੍ਰੀਮਤੀ ਨਵਜੋਤ ਕੌਰ ਜੀ ਨੂੰ ਉਹਨਾਂ ਦੀਆਂ ਮੰਚ ਸੰਚਾਰਕਾ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਸ੍ਰੀਮਤੀ ਨਵਜੋਤ ਕੌਰ ਨੂੰ " ਮੰਚ ਦਾ ਸ਼ਿੰਗਾਰ " ਸਵ: ਬੀਬੀ ਸਤਿੰਦਰ ਕੌਰ ਯਾਦਗਾਰੀ ਪੁਰਸਕਾਰ,ਸ੍ਰੀ ਨੱਕਾਸ਼ ਚਿੱਤੇਵਾਣੀ ਜੀ ਨੂੰ ਸਾਹਿਤ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਲਈ " ਪੰਜਾਬੀ ਮਾਂ ਬੋਲੀ ਦਾ ਪਟਵਾਰੀ " ਸਵ: ਵਰਿੰਦਰ ਸਹੋਤਾ ਯਾਦਗਾਰੀ ਪੁਰਸਕਾਰ,ਸ. ਰਾਜਬੀਰ ਸਿੰਘ ਟਾਡਾ ਉਹਨਾਂ ਦਾ ਪੰਜਾਬੀ ਲੋਕ ਨਾਚ ਭੰਗੜੇ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ " ਭੰਗੜੇ ਦਾ ਲੰਬੜਦਾਰ " ਸਵ: ਗੁਰਪ੍ਰੀਤ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਵਿੱਚ ਕੈਂਠਾ,ਸਨਮਾਨ ਪੱਤਰ, ਦੁਸ਼ਾਲਾ ਅਤੇ ਪਿੜ ਦੀ ਨਿਸ਼ਾਨੀ ਟਰਾਫੀ ਨਾਲ ਨਿਵਾਜਿਆ ਗਿਆ।
ਇਸ ਮੌਕੇ ਹਰਸ਼ਦੀਪ ਕੌਰ ਗੜ੍ਹਸ਼ੰਕਰ ਹੁਸ਼ਿਆਰਪੁਰ ਪਹਿਲੇ ਸਥਾਨ ਤੇ ਆਉਣ ਵਾਲੀ ਮੁਟਿਆਰ ਨੂੰ ਸੁੱਗੀ ਫੁੱਲ ਸ਼ਗਨ ਅਤੇ ਟਰਾਫੀ,ਨਿੰਮੀ ਬੈਂਸ ਪੀ.ਏ.ਯੂ ਲੁਧਿਆਣਾ ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ ਸ਼ਗਨ ਅਤੇ ਟਰਾਫੀ,ਸ਼ਰਨਜੀਤ ਕੌਰ ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫਾਰ ਵੋਮਨ ਗੁਰਦਾਸਪੁਰ ਤੀਜੇ ਸਥਾਨ ਵਾਲੀ ਨੂੰ ਟਿੱਕਾ ਸ਼ਗਨ ਅਤੇ ਟਰਾਫੀ ਦਿੱਤੀ ਗਈ।
ਇਸ ਤੋਂ ਇਲਾਵਾਂ ਸੰਦੀਪ ਕੌਰ ਗੁਰੂ ਤੇਗ ਬਹਾਦਰ ਖਾਲਸਾ ਕਲਾਜ ਦਸੂਹਾ ਲੰਮ ਸਲੰਮੀ ਨਾਰ,ਖੁਸ਼ੀ ਸਰਕਰੀ ਕਾਲਜ ਲੁਧਿਆਣਾ ਨਸ਼ੀਲੇ ਨੈਣ,ਜਸਮੀਤ ਕੌਰ ਦਸ਼ਮੇਸ਼ ਕਾਲਜ ਫ਼ਾਰ ਵੂਮੈਨ ਮੁਕੇਰੀਆਂ,ਹੁਸ਼ਿਆਰਪੁਰ ਗਿੱਧਿਆਂ ਦੀ ਮੇਲਣ,ਰਿਤਿਕਾ ਥਾਪਰ ਦਸ਼ਮੇਸ਼ ਕਾਲਜ ਫ਼ਾਰ ਵੂਮੈਨ ਮੁਕੇਰੀਆਂ,ਹੁਸ਼ਿਆਰਪੁਰ ਮੋਰਨੀ ਵਰਗੀ ਧੌਣ,ਜੈਸਮੀਨ ਕੌਰ ਸੈਂਟ ਮੈਰੀ ਸੀਨੀਅਰ ਸੈਕੈਂਡਰੀ ਸਕੂਲ ਮੀਰਪੁਰ ਸੂਝਵਾਨ ਮੁਟਿਆਰ,ਕਿਰਨਦੀਪ ਕੌਰ ਕੇ.ਐਮ.ਵੀ ਜਲੰਧਰ ਮੜ੍ਹਕ ਨਾਲ ਤੁਰਨਾ,ਵੰਸ਼ਿਕਾ ਕੇ.ਐਮ.ਵੀ ਜਲੰਧਰ ਸੋਹਣਾ ਪੰਜਾਬੀ ਪਹਿਰਾਵਾ,ਜਸਮੀਨ ਢਿੱਲੋਂ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੋਮਨ ਗੁਰਦਾਸਪੁਰ ਹਾਸਿਆਂ ਦੀ ਰਾਣੀ, ਦੀਕਸ਼ਾ ਦਸ਼ਮੇਸ਼ ਕਾਲਜ ਫਾਰ ਵੋਮੈਨ ਮਕੇਰੀਆਂ ਸੱਪਣੀ ਵਾਲੀ ਗੁੱਤ, ਸਿਮਰਨ ਐਸ.ਐਸ.ਐਮ ਕਾਲਜ ਦੀਨਾਨਗਰ ਮੁੱਖਰਾ ਚੰਨ ਵਰਗਾ,ਮੁਸਕੀਨਜੋਤ ਕੇ.ਐਮ.ਵੀ. ਜਲੰਧਰ ਸੋਹਣੇ ਗਹਿਣੇ, ਸਿਮਰਨਜੋਤ ਕੌਰ ਜੀ.ਐਨ.ਡੀ.ਯੂ.ਖੇਤਰੀ ਕੈਂਪਸ ਮਿੱਠੜੇ ਬੋਲ, ਗੁਰਪ੍ਰੀਤ ਕੌਰ ਪੀ.ਟੀ.ਯੂ.ਜਲੰਧਰ ਮਿਲਾਪੜੀ ਮੁਟਿਆਰ, ਰਾਧਿਕਾ ਸਿੱਖ ਨੈਸ਼ਨਲ ਕਾਦੀਆਂ ਨੰਨੀ ਕਰੂੰਬਲ,ਜਸਮੀਨ ਰੰਧਾਵਾ ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫਾਰ ਵੋਮਨ ਗੁਰਦਾਸਪੁਰ ਮਲੂਕੜੀ ਜਿਹੀ ਮੁਟਿਆਰ, ਪ੍ਰਿਆਯਾਲ ਸ਼ਿਵਾਲਿਕ ਕਾਲਜ ਗੁਰਦਾਸਪੁਰ ਨਿਰੋਲ ਪਿੜ ਪੇਸ਼ਕਾਰੀ, ਤਨਵੀਤ ਕੌਰ ਕੇ.ਐਮ.ਵੀ. ਜਲੰਧਰ ਸ਼ਰਮੀਲੀਆਂ ਅੱਖਾਂ,ਪਵਨਦੀਪ ਕੇ.ਐਮ.ਵੀ.ਜਲੰਧਰ ਬੁਸਕਣਾ,ਅਸਕੇਟਾ ਠਾਕੁਰ ਐਸ ਐਸ ਐਮ ਕਾਲਜ ਦੀਨਾਨਗਰ ਲਾੜੀ ਸਰੂਪ, ਚੰਨਪ੍ਰੀਤ ਕੌਰ ਸਟਾਫ ਨਰਸ ਜਲੰਧਰ ਵਿਦਾਇਗੀ ਤੋਰ, ਸਨਮਾਨਿਆ ਗਿਆ।
ਇਸ ਪ੍ਰੋਗਰਾਮ ਵਿੱਚ ਸ.ਬਰਿੰਦਰਮੀਤ ਸਿੰਘ ਪਾਹੜਾ ਬੋਲਦਿਆਂ ਰਵਾਇਤੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਇਹ ਪ੍ਰੋਗਰਾਮ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਜੈਕਬ ਤੇਜਾ ਅਤੇ ਉਸ ਦੇ ਸਾਥੀਆਂ ਦੀ ਖੂਬ ਪ੍ਰਸੰਸਾ ਕੀਤੀ।ਪ੍ਰੋਗਰਾਮ ਤੋਂ ਪ੍ਰਭਾਵਿਤ ਹੁੰਦਿਆਂ ਪ੍ਰਬੰਧਕਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਅਖਤਿਆਰੀ ਫੰਡ ਵਿੱਚੋਂ 50,000 ਰੁਪਏ ਦੇਣ ਦਾ ਐਲਾਨ ਕੀਤਾ।ਇਸੇ ਦੌਰਾਨ ਗੁਰਦਾਸਪੁਰ ਦੇ ਆਮ ਆਦਮੀ ਪਾਲਟੀ ਦੇ ਸੀਨੀਅਰ ਨੇਤਾ ਸ੍ਰੀ ਰਮਨ ਬਹਿਲ ਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਰੂਣ ਹੱਤਿਆ ਅੱਜ ਦੀ ਸਭ ਤੋਂ ਖਤਰਨਾਕ ਸਮਾਜਿਕ ਕੁਰੀਤੀ ਹੈ।ਜਿਸ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਹੁੰਬਲਾ ਮਾਰਨਾ ਚਾਹੀਦਾ ਹੈ।ਲੋਕ ਸੱਭਿਆਚਾਰਕ ਪਿੜ ਦੀ ਤਰਫੋਂ ਜੈਕਬ ਤੇਜਾ ਨੇ ਇਸ ਪ੍ਰੋਗਰਾਮ ਦੌਰਾਨ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਪਿੜ ਪਰਿਵਾਰ ਅਜੈਬ ਸਿੰਘ ਚਾਹਲ,ਬੀਬੀ ਅਮਰੀਕ ਕੌਰ,ਬੀਬੀ ਕੁਲਮਿੰਦਰ ਕੌਰ, ਡਾ.ਅਮਰਜੀਤ ਕੌਰ ਕਾਲਕਟ,ਡਾ.ਐੱਸ.ਯੂਸਫ,ਪ੍ਰੋਫ਼ੈਸਰ ਕੁਲਵਿੰਦਰ ਕੌਰ,ਡਾ.ਮਿੰਨੀ ਘੁੰਮਣ,ਡਾ.ਰੁਪਿੰਦਰਜੀਤ ਕੌੌਰ ਗਿੱਲ,ਦਲਵਿੰਦਰ ਦਿਆਲਪੁਰੀ,ਡਾ.ਸਤਿੰਦਰ ਕੌਰ ਕਾਹਲੋ,ਅਰਵਿੰਦਰ ਸਿੰਘ ਭੱਟੀ, ਗੁਲਸਨ ਕੁਮਾਰ,ਡਾ.ਲੱਕੀ ਗੁਰਦਾਸਪੁਰੀ, ਡਾ.ਗੁਰਬੀਰ ਸਿੰਘ,ਸਰਬਜੀਤ ਸਿੰਘ,ਡਾ.ਗੁਰਜੀਤ ਸਿੰਘ ਝੋਰ,ਰਾਜ ਕੁਮਾਰ,ਡਾ.ਹੈਪੀ ਵਿਨਸੈਂਟ, ਵਿਲਸ ਰਾਇਲ, ਸੁਖਦੀਪ ਸਿੰਘ,ਰਜਿੰਦਰ ਸਿੰਘ ਛੀਨਾ, ਹਰਪ੍ਰੀਤ ਸਿੰਘ ਸੋਹਲ,ਸੈਮੂਅਲ ਡੇਵਿਡ ਬਟਾਲਾ,ਹਰਪ੍ਰੀਤ ਕੌਰ ਰੰਧਾਵਾ,ਪ੍ਰੋ.ਸੁਰਖਾਬ ਸ਼ੈਲੀ, ਸਿਮਰਨਜੀਤ ਅਦਿ ਹਾਜਰ ਸਨ।