Babushahi Special ਵਿਜੀਲੈਂਸ ਨੇ ਕੱਢੀ ਤਹਿਸੀਲਦਾਰ ਦੀ ਗੁਥਲੀ ਚੋਂ ਸੋਨੇ ਦੀ ਇੱਟ -ਮਾਲ ਅਫਸਰ ਨੂੰ ਇਹ ਗੱਲ ਨਹੀਂ ਫਿੱਟ
ਅਸ਼ੋਕ ਵਰਮਾ
ਬਠਿੰਡਾ,8 ਫਰਵਰੀ 2025 : ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਚੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਗਏ ਤਹਿਸੀਲਦਾਰ ਸੁਖਚਰਨ ਸਿੰਘ ਦੇ ਬੈਂਕ ਲਾਕਰ ਚੋਂ 400 ਗ੍ਰਾਮ ਸੋਨੇ ਦੀ ਇੱਟ, ਗਹਿਣੇ ਚਾਂਦੀ ਦੇ ਗਿਲਾਸ ਅਤੇ ਸਿੱਕੇ ਬਰਾਮਦ ਹੋਏ ਹਨ। ਹਾਲਾਂਕਿ ਮਾਲ ਅਫਸਰਾਂ ਦੀ ਜਥੇਬੰਦੀ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਹੈ ਕਿ ਤਹਿਸੀਲਦਾਰ ਸੁਖਚਰਨ ਸਿੰਘ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੈ ਵਿਜੀਲੈਂਸ ਦੇ ਇਹ ਤਾਜ਼ਾ ਤੱਥ ਹਨ ਜਿਨ੍ਹਾਂ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ। ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਦੀ ਗ੍ਰਿਫਤਾਰੀ ਖਿਲਾਫ ਮਾਲ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ 48 ਤੇ ਚਲੇ ਗਏ ਸਨ। ਦੱਸਣਯੋਗ ਹੈ ਕਿ ਸੁਖਚਰਨ ਸਿੰਘ ਤਹਿਸੀਲਦਾਰ ਯੂਨੀਅਨ ਦਾ ਸੂਬਾ ਪ੍ਰਧਾਨ ਹੈ । ਦੈਨਿਕ ਭਾਸਕਰ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦੋ ਮਹੀਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਤਹਿਸੀਲਦਾਰ ਸੁਖਚਰਨ ਸਿੰਘ ਦੇ ਮਾਮਲੇ 'ਚ ਵਿਜੀਲੈਂਸ ਨੇ ਅਹਿਮ ਖੁਲਾਸੇ ਕੀਤੇ ਹਨ। ਵਿਜੀਲੈਂਸ ਨੇ ਬੈਂਕ ਲਾਕਰ ਤੋਂ ਕਰੀਬ 43 ਲੱਖ ਦਾ ਸੋਨਾ ਚਾਂਦੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਹੁਣ ਇਹ ਪਤਾ ਲਾਉਣ ਵਿੱਚ ਜੁੱਟ ਗਈ ਹੈ ਕਿ ਆਖਰ ਐਨਾਂ ਜਿਆਦਾ ਸੋਨਾ ਤਹਿਸੀਲਦਾਰ ਸੁਖਚਰਨ ਸਿੰਘ ਕੋਲ ਕਿੱਥੋਂ ਆਇਆ ਹੈ। ਇਸ ਸੋਨੇ ਵਿੱਚੋਂ ਇਕੱਲੀ ਸੋਨੇ ਦੀ ਇੱਟ ਦੀ ਕੀਮਤ ਕਰੀਬ 32 ਲੱਖ ਰੁਪਏ ਦੱਸੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਹੁਣ ਤਹਿਸੀਲਦਾਰ ਦੇ ਹੋਰਨਾਂ ਖਾਤਿਆਂ ਦੀ ਜਾਂਚ ਵਿੱਢ ਦਿੱਤੀ ਗਈ ਹੈ। ਮਹੱਤਵਪੂਰਨ ਤੱਤ ਇਹ ਵੀ ਹੈ ਕਿ ਵਿਜੀਲੈਂਸ ਨੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਾਕਰ ਚੋਂ ਮਿਲੇ ਗਹਿਣਿਆਂ ਵਗੈਰਾ ਦੀ ਜਾਣਕਾਰੀ ਭੇਜ ਦਿੱਤੀ ਹੈ। ਇਸ ਤੋਂ ਪਹਿਲਾਂ ਰਿਸ਼ਵਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਤਹਿਸੀਲਦਾਰ ਸੁਖਚਰਨ ਸਿੰਘ ਵੱਲੋਂ ਸਹਿਯੋਗ ਨਾ ਕਰਨ ਕਾਰਨ ਵਿਜੀਲੈਂਸ ਨੂੰ ਅਦਾਲਤ ਅੱਗੇ ਚਾਰਾਜੋਈ ਕਰਨੀ ਪਈ ਸੀ। ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਤਹਿਸੀਲਦਾਰ ਦੇ ਬੈਂਕ ਖਾਤਿਆਂ ਅਤੇ ਉਸਦੇ ਲਾਕਰਾਂ ਦੀ ਜਾਂਚ ਕੀਤੀ ਜਾਣੀ ਹੈ। ਵਿਜੀਲੈਂਸ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਰਿਸ਼ਵਤ ਦਾ ਪੈਸਾ ਤਹਿਸੀਲਦਾਰ ਦੇ ਬੈਂਕ ਖਾਤਿਆਂ ਜਾਂ ਲਾਕਰਾਂ ਵਿੱਚ ਛੁਪਾਇਆ ਹੋ ਸਕਦਾ ਹੈ। ਵਿਜੀਲੈਂਸ ਨੇ ਅਦਾਲਤ ਤੋਂ ਲਾਕਰ ਖਲਵਾਉਣ ਦੀ ਪ੍ਰਵਾਨਗੀ ਮੰਗੀ ਸੀ। ਅਦਾਲਤ ਨੇ ਸਹਿਮਤੀ ਜਤਾਈ ਅਤੇ ਤਹਿਸੀਲਦਾਰ ਦੇ ਬੈਂਕ ਲਾਕਰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਸੀ
ਵਿਜੀਲੈਂਸ ਕਰੇਗੀ ਅਗਲੀ ਜਾਂਚ
ਵਿਜੀਲੈਂਸ ਦੇ ਉੱਚ ਅਧਿਕਾਰੀਆਂ ਮੁਤਾਬਿਕ ਤਹਿਸੀਲਦਾਰ ਦੇ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਦੇ ਦਖਲ ਨਾਲ ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਪੜਤਾਲ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਸੌਂਪੀ ਸੀ । ਹੁਣ ਵਿਜੀਲੈਂਸ ਵੱਲੋਂ ਮਾਮਲਾ ਅਦਾਲਤ ਤੱਕ ਲਿਜਾਣ ਤੋਂ ਬਾਅਦ ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਇਸ ਪੂਰੇ ਮਾਮਲੇ ਦੀ ਅਗਲੀ ਜਾਂਚ ਵਿਜੀਲੈਂਸ ਵੱਲੋਂ ਹੀ ਕੀਤੀ ਜਾਏਗੀ ।
ਵਿਜੀਲੈਂਸ ਤੇ ਮਾਲ ਅਫਸਰਾਂ ਵਿੱਚ ਖੜਕੀ
ਇੱਕ ਤਰਫ ਜਿੱਥੇ ਵਿਜੀਲੈਂਸ ਪੜਤਾਲ ਦੌਰਾਨ ਸੋਨੇ ਦਾ ਖੁਲਾਸਾ ਹੋਇਆ ਹੈ ਉੱਥੇ ਹੀ ਤਹਿਸੀਲਦਾਰ ਯੂਨੀਅਨ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਤਹਿਸੀਲਦਾਰ ਸੁਖਚਰਨ ਸਿੰਘ ਨੇ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ। ਯੂਨੀਅਨ ਨੇ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੈ ਯੂਨੀਅਨ ਆਗੂ ਆਖਦੇ ਹਨ ਕਿ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਇੱਕ ਰੰਜਿਸ਼ ਤਹਿਤ ਇਹ ਮੁਉਕਦਮਾ ਦਰਜ ਕੀਤਾ ਹੈ।
ਇਹ ਹੈ ਤਹਿਸੀਲਦਾਰ ਮਾਮਲਾ
ਵਿਜੀਲੈਂਸ ਬਿਊਰੋ ਨੇ 27 ਨਵੰਬਰ 2024 ਨੂੰ ਤਪਾ ਦੇ ਤਹਿਸੀਲਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਵਿਜੀਲੈਂਸ ਅਨੁਸਾਰ ਸ਼ਿਕਾਇਤਕਰਤਾ ਅਮਰੀਕ ਸਿੰਘ ਟੱਲੇਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਵਾਸੀ ਟੱਲੇਵਾਲ ਤੋਂ 2 ਕਨਾਲ 4 ਮਰਲੇ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਨੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਗ੍ਰਿਫ਼ਤਾਰ ਕੀਤਾ ਗਿਆ ਤਹਿਸੀਲਦਾਰ ਐਸੋਸੀਏਸ਼ਨ ਪੰਜਾਬ ਦਾ ਸੂਬਾ ਆਗੂ ਹੈ। ਤਹਿਸੀਲਦਾਰ ਦੀ ਗ੍ਰਿਫ਼ਤਾਰੀ ਦੀ ਭਿਣਕ ਲੱਗਦਿਆਂ ਹੀ ਯੂਨੀਅਨ ’ਚ ਕਾਫੀ ਹਲਚਲ ਦੇਖਣ ਨੂੰ ਮਿਲੀ ਅਤੇ ਮਾਲ ਅਫਸਰਾਂ ਨੇ ਹੜਤਾਲ ਤੱਕ ਕਰ ਦਿੱਤੀ ਸੀ। ਅੱਜ ਵੀ ਮਾਲ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸੁਖਚਰਨ ਸਿੰਘ ਖਿਲਾਫ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ।