ਐਨਡੀਆਰਐਫ ਦੀ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਦੀ ਸਿਖਲਾਈ ਦਿੱਤੀ
ਫਾਜ਼ਿਲਕਾ, 12 ਮਾਰਚ, 2025: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਧੂਕਾ (ਤਹਿਸੀਲ-ਫਾਜ਼ਿਲਕਾ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੂਬਾਇਆ (ਤਹਿਸੀਲ-ਜਲਾਲਾਬਾਦ) ਵਿਖੇ “ਸਕੂਲ ਸੇਫਟੀ ਪ੍ਰੋਗਰਾਮ” ਤਹਿਤ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਅਤੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ।
ਇਹ ਟਰੇਨਿੰਗ ਇੰਸਪੈਕਟਰ ਯੁੱਧਵੀਰ ਸਿੰਘ ਅਤੇ ਏ.ਐਸ.ਆਈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਹੌਲਦਾਰ ਬਾਬਰ ਅਲੀ, ਅਸ਼ੀਸ਼ ਅਤੇ ਛੇ ਹੋਰ ਮੁਲਾਜ਼ਮਾਂ ਦੇ ਨਾਲ-ਨਾਲ ਮਹਿਲਾ ਮੈਂਬਰ ਕਿਰਨਾ ਅਤੇ ਨੀਤੂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜਿੰਦਰ ਸਿੰਘ ਨੇ ਐਨ.ਡੀ.ਆਰ.ਐਫ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਦੱਸਿਆ।
ਸਿਖਲਾਈ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੂੰ ਆਫ਼ਤ ਦੀ ਸਥਿਤੀ ਵਿੱਚ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਟੀਮ ਨੇ ਸੀ.ਪੀ.ਆਰ. (ਕਾਰਡੀਏਕ ਅਰੇਸਟ ਵਿਚ ਫਸਟ ਏਡ), ਭੂਚਾਲ ਦੀ ਰੋਕਥਾਮ ਅਤੇ ਸੁਰੱਖਿਆ ਉਪਾਅ, ਹੜ੍ਹ ਦੀ ਸਥਿਤੀ ਵਿਚ ਸੁਰੱਖਿਅਤ ਰਹਿਣ ਦੇ ਉਪਾਅ, ਗੈਸ ਸਿਲੰਡਰ ਅੱਗ ਕੰਟਰੋਲ ਤਕਨੀਕਾਂ ਅਤੇ ਹੋਰ ਮਹੱਤਵਪੂਰਨ ਆਫ਼ਤ ਪ੍ਰਬੰਧਨ ਉਪਾਅ ਵਿਸ਼ਿਆਂ 'ਤੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ।
ਭਾਗੀਦਾਰਾਂ ਨੇ ਐਨ.ਡੀ.ਆਰ.ਐਫ ਟੀਮ ਵੱਲੋਂ ਦਿੱਤੀ ਗਈ ਸਿਖਲਾਈ ਨੂੰ ਬਹੁਤ ਮਹੱਤਵਪੂਰਨ ਮੰਨਿਆ। ਇਸ ਨਾਲ ਵਿਦਿਆਰਥੀ ਨਾ ਸਿਰਫ਼ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ, ਸਗੋਂ ਉਹ ਦੂਜੇ ਲੋਕਾਂ ਦੀ ਵੀ ਮਦਦ ਕਰ ਸਕਦੇ ਹਨ।
ਪਿੰਡ ਵਾਸੀਆਂ ਨੇ ਵੀ ਸਿਖਲਾਈ ਦਾ ਲਾਭ ਉਠਾਇਆ
ਇਸ ਮੌਕੇ ਪਿੰਡ ਵਾਸੀਆਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਫ਼ਤ ਤੋਂ ਸੁਰੱਖਿਅਤ ਰਹਿਣ ਦੇ ਉਪਾਅ ਨੂੰ ਡੂੰਘਾਈ ਨਾਲ ਸਮਝਿਆ | ਟੀਮ ਨੇ ਪ੍ਰੈਕਟੀਕਲ ਪ੍ਰਦਰਸ਼ਨਾਂ ਰਾਹੀਂ ਇਹ ਵੀ ਸਿਖਾਇਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਧੀਰਜ ਰੱਖਣ ਅਤੇ ਸਹੀ ਤਕਨੀਕਾਂ ਦੀ ਵਰਤੋਂ ਕਰਕੇ ਜਾਨ-ਮਾਲ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਆਫ਼ਤ ਪ੍ਰਬੰਧਨ ਜਾਗਰੂਕਤਾ ਲਈ ਸ਼ਲਾਘਾਯੋਗ ਪਹਿਲਕਦਮੀ
ਸਕੂਲਾਂ ਵਿੱਚ ਆਯੋਜਿਤ ਕੀਤਾ ਗਿਆ ਇਹ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਆਫ਼ਤਾਂ ਲਈ ਸੁਚੇਤ ਅਤੇ ਤਿਆਰ ਰਹਿਣ ਲਈ ਪ੍ਰੇਰਿਤ ਕਰਦਾ ਹੈ। ਐਨਡੀਐਰਐਫ ਟੀਮ ਦਾ ਇਹ ਯਤਨ ਆਫ਼ਤ ਪ੍ਰਬੰਧਨ ਜਾਗਰੂਕਤਾ ਵੱਲ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਦਮ ਹੈ। ਹਰ ਕਿਸੇ ਨੂੰ ਇਸ ਤਰ੍ਹਾਂ ਦੀ ਸਿਖਲਾਈ ਦਾ ਲਾਭ ਉਠਾਉਣਾ ਚਾਹੀਦਾ ਹੈ, ਤਾਂ ਜੋ ਆਫ਼ਤਾਂ ਦੌਰਾਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।