← ਪਿਛੇ ਪਰਤੋ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਲਈ ਹਰਗੋਬਿੰਦ ਕੌਰ ਨੇ ਬਠਿੰਡਾ ਵਿਖੇ ਕਾਪੀਆਂ ਵੰਡੀਆਂ
ਅਸ਼ੋਕ ਵਰਮਾ
ਬਠਿੰਡਾ , 7 ਫਰਵਰੀ 2025:ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਵਿੱਚ ਇਸਤਰੀ ਅਕਾਲੀ ਦਲ ਵੱਧ ਚੜ੍ਹ ਕੇ ਹਿੱਸਾ ਲਵੇਗਾ ਤੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਜਾਵੇਗਾ । ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਲਈ ਇਸਤਰੀ ਅਕਾਲੀ ਦਲ ਦੀਆਂ ਔਰਤ ਆਗੂਆਂ ਨੂੰ ਕਾਪੀਆਂ ਵੰਡਣ ਸਮੇਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਲ 2027 ਵਿੱਚ ਆਪਣੀ ਸਰਕਾਰ ਲਿਆਂਦੀ ਜਾ ਸਕੇ । ਉਹਨਾਂ ਕਿਹਾ ਕਿ ਔਰਤਾਂ ਵਿੱਚ ਅਕਾਲੀ ਦਲ ਦੀ ਭਰਤੀ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਹਰ ਇੱਕ ਘਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਪਹੁੰਚ ਕੀਤੀ ਜਾਵੇ ਅਤੇ ਖਾਸ ਕਰਕੇ ਔਰਤਾਂ ਨੂੰ ਮੈਂਬਰ ਬਣਾਇਆ ਜਾਵੇ । ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ 40-40 ਹਜ਼ਾਰ ਦੀ ਮੈਂਬਰਸ਼ਿਪ ਕੀਤੀ ਜਾਣੀ ਹੈ ਤੇ ਇਸਤਰੀ ਅਕਾਲੀ ਦਲ ਆਪਣਾ ਅਹਿਮ ਯੋਗਦਾਨ ਪਾਵੇਗਾ । ਉਹਨਾਂ ਬਠਿੰਡਾ ਦੀਆਂ ਔਰਤਾਂ ਆਗੂਆਂ ਨੂੰ ਇਸ ਭਰਤੀ ਪ੍ਰਕਿਰਿਆ ਲਈ ਪੂਰੀ ਤਨਦੇਹੀ ਨਾਲ ਜੁੱਟ ਜਾਣ ਦਾ ਸੱਦਾ ਵੀ ਦਿੱਤਾ।।
Total Responses : 8