ਭਾਰਤੀਆਂ ਨੂੰ ਬੇੜੀਆਂ ਚ ਜਕੜ ਡਿਪੋਰਟ ਕਰਨ ਦੀ ਸੰਤ ਸੀਚੇਵਾਲ ਵਲੋਂ ਸਖ਼ਤ ਨਿੰਦਾ
* ਕਿਰਤੀਆਂ ਨਾਲ ਅਣਮਨੁੱਖੀ ਵਤੀਰੇ ਦੀ ਸੰਸਾਰ ਭਰ ਚ ਨਿਖੇਧੀ
* ਸੰਸਦ 'ਚ ਪੰਜਾਬੀਆਂ ਨਾਲ ਹੋਈ ਵਧੀਕੀ ਦਾ ਮੁੱਦਾ ਚੱਕਣਗੇ ਸੰਤ ਸੀਚੇਵਾਲ
* ਵਾਪਸ ਪਰਤੇ ਭਾਰਤੀਆਂ ਦੇ ਮੁੜ ਵਸੇਬੇ ਵੱਲ ਵਿਸ਼ੇਸ਼ ਧਿਆਨ ਦੇਵੇ ਕੇੰਦਰ ਸਰਕਾਰ
* ਦੋਸ਼ੀ ਟਰੈਵਲ ਏਜੈਂਟਾਂ ਵਿਰੁੱਧ ਸਖਤ ਕਾਰਵਾਈ ਕਰਦਿਆ ਪੀੜਤਾਂ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਫਰਵਰੀ 2025 - ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਬੇੜੀਆਂ ਚ ਜਕੜ ਕੇ ਡਿਪੋਰਟ ਕਰਨ ਦੀ ਸਖਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਸ ਇਸ ਤਰੀਕੇ ਨਾਲ ਭਾਰਤੀਆਂ ਦੀ ਵਤਨ ਵਾਪਸੀ ਨੇ ਭਾਰਤ ਦੇ ਅਕਸ ਦੀ ਪੂਰੇ ਦੇਸ਼ ਵਿੱਚ ਢਾਹ ਲਾਈ ਹੈ, ਕਿ ਕਿਵੇਂ ਇੱਕ ਫੌਜੀ ਜਹਾਜ਼ ਵਿੱਚ 104 ਦੇ ਕਰੀਬ ਭਾਰਤੀਆਂ ਨੂੰ 35 ਤੋਂ 40 ਘੰਟੇ ਬੇੜੀਆਂ ਚ ਬੰਨ ਕੇ ਵਾਪਸ ਭੇਜਿਆ ਗਿਆ ਹੈ। ਉਹਨਾ ਕਿਹਾ ਕਿ ਅਮਰੀਕਾ ਤੋਂ ਪਰਤੇ ਭਾਰਤੀਆਂ ਦੇ ਮੁਦੇ ਤੇ ਰਾਜਨੀਤੀ ਕਰਨ ਦੀ ਬਜਾਏ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਹਨਾਂ ਸਰਕਾਰ ਨੂੰ ਅਮਰੀਕਨ ਸਰਕਾਰ ਨਾਲ ਵੀ ਗੱਲ ਕਰਨੀ ਦੀ ਅਪੀਲ ਕੀਤੀ ਕਿ ਓਥੇ ਰਹਿ ਰਹੇ ਭਾਰਤੀ ਕੋਈ ਅਪਰਾਧੀ ਜਾਂ ਆਤੰਕਵਾਦੀ ਨਹੀਂ ਹਨ ਜੋ ਉਹਨਾਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ।
ਉਹਨਾਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਕਿਰਤੀਆਂ ਨਾਲ ਕੀਤਾ ਗਿਆ ਇਹ ਵਤੀਰਾ ਬੜਾ ਹੀ ਮੰਦਭਾਗਾ ਹੈ ਕਿਉੰਕਿ ਏਹ ਲੋਕ ਕੋਈ ਅਪਰਾਧੀ ਨਹੀਂ ਬਲਕਿ ਸਿਰਫ ਰੁਜ਼ਗਾਰ ਦੀ ਭਾਲ ਵਿੱਚ ਗਲਤ ਏਜੰਟਾ ਦੇ ਰਾਹੀਂ ਉਥੇ ਪਹੁੰਚੇ ਹਨ। ਉਹਨਾਂ ਸਰਕਾਰ ਨੂੰ ਵੀ ਮੰਗ ਕੀਤੀ ਕਿ ਇਸਦੇ ਦੇ ਅਸਲ ਦੋਸ਼ੀਆਂ ਟਰੈਵਲ ਏਜੈਂਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਨਾਂ ਵੱਲੋਂ ਇਹਨਾਂ ਲੋਕਾਂ ਨੂੰ ਭਰਮਾ ਕੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ। ਉਹਨਾਂ ਨਾਲ ਇਹ ਵੀ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਹਨਾਂ ਠੱਗ ਟਰੈਵਲ ਏਜੰਟਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨਾ ਬੇਹਦ ਜਰੂਰੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਉਹ ਸੰਸਦ ਵਿੱਚ ਵੀ ਭਾਰਤੀਆਂ ਤੇ ਪੰਜਾਬੀਆਂ ਨਾਲ ਹੋਈ ਇਸ ਵਧੀਕੀ ਦਾ ਮੁੱਦਾ ਉਠਾਉਣਗੇ ਤੇ ਨਾਲ ਹੀ ਇਹਨਾਂ ਵਾਪਸ ਪਰਤੇ ਭਾਰਤੀਆਂ ਦੇ ਮੁੜ ਵਸੇਬੇ ਵਿੱਚ ਪੂਰਾ ਸਹਿਯੋਗ ਕਰਨ ਦੀ ਮੰਗ ਰੱਖਣਗੇ। ਉਹਨਾਂ ਦੱਸਿਆ ਕਿ ਉਹ ਸਰਕਾਰ ਤੋਂ ਵੀ ਸਵਾਲ ਕਰਨਗੇ ਕਿ ਕੀ ਇਨਾ ਭਾਰਤੀਆਂ ਨੂੰ ਇੱਕ ਆਮ ਜਹਾਜ ਰਾਹੀਂ ਵਾਪਸ ਨਹੀਂ ਸੀ ਲਿਆਂਦਾ ਜਾ ਸਕਦਾ ਸੀ।
ਸੰਤ ਸੀਚੇਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਤੱਕ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 200 ਤੋਂ ਵੱਧ ਵਿਦੇਸ਼ੀ ਮਾਮਲਿਆਂ ਨੂੰ ਸੁਲਝਾਇਆ ਗਿਆ ਹੈ, ਜੋ ਇਸੇ ਤਰ੍ਹਾਂ ਨਾਲ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵਿੱਚ ਫਸ ਗਏ ਸੀ। ਉਹਨਾਂ ਦੱਸਿਆ ਕਿ ਇਹਨਾਂ ਵਿੱਚ ਸਭ ਤੋਂ ਜਿਆਦਾ ਅਰਬ ਵਿੱਚ ਫਸੀਆਂ ਦੇਸ਼ ਦੀਆਂ ਲੜਕੀਆਂ ਦੇ ਮਾਮਲੇ ਸੀ ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਇੱਕ ਤਰ੍ਹਾਂ ਨਾਲ ਵੇਚ ਦਿੱਤਾ ਸੀ।
ਸੰਤ ਸੀਚੇਵਾਲ ਨੇ ਕੇਵਲ ਵਿਦੇਸ਼ ਜਾਣ ਦਾ ਸੁਫਨਾ ਰੱਖਣ ਵਾਲੇ ਭਾਰਤੀਆਂ ਤੇ ਖਾਸ ਕਰ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੜ੍ਹ ਲਿਖ ਕਿ ਤੇ ਸਹੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਉਹਨਾਂ ਦੱਸਿਆ ਜਿਹੜੇ ਲੋਕ ਗਲਤ ਟਰੈਵਲ ਏਜੈਂਟਾ ਰਾਹੀਂ ਇਸ ਤਰ੍ਹਾਂ ਦੇ ਝਾਂਸੇ ਵਿੱਚ ਫਸ ਜਾਂਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਜੋਖਮ ਝੱਲਣੇ ਪੈਂਦੇ ਹਨ।