ਬਠਿੰਡਾ ’ਚ ਪੰਜ ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ: ਮੇਅਰ ਪਦਮਜੀਤ ਸਿੰਘ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 7ਫਰਵਰੀ2025: ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਨੂੰ ਨਸ਼ਾਖੋਰੀ ਸਮੇਤ ਹੋਰ ਸਾਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦੇ ਮਕਸਦ ਤਹਿਤ ਨਗਰ ਨਿਗਮ ਬਠਿੰਡਾ ਦੇ ਕੌਂਸਲਰਾਂ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀਆਂ ਕੋਸ਼ਿਸ਼ਾਂ ਸਦਕਾ ਪਹਿਲੀ ਵਾਰ ਬਠਿੰਡਾ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਦੀ ਟੀਮ ਤੇ ਕਲਾਕਾਰਾਂ ਵੱਲੋਂ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ 8 ਫਰਵਰੀ ਤੋਂ 12 ਫਰਵਰੀ ਤੱਕ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਰਤਨ ਰਾਹੀ, ਟਹਿਲ ਸਿੰਘ ਬੁੱਟਰ, ਸਾਧੂ ਸਿੰਘ, ਵਿਕ੍ਰਮ ਕ੍ਰਾਂਤੀ, ਵਿਪਿਨ ਮਿੱਤੂ, ਮੱਖਣ ਠੇਕੇਦਾਰ, ਅਸ਼ੇਸ਼ਰ ਪਾਸਵਾਨ, ਚਰਨਜੀਤ ਭੋਲਾ, ਅਸ਼ਵਨੀ ਬੰਟੀ ਅਤੇ ਮਨੀਸ਼ ਪਾਂਧੀ ਆਦਿ ਦੀ ਮੌਜੂਦਗੀ ’ਚ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਦੀ ਟੀਮ ਪਹਿਲੀ ਵਾਰ ਪੰਜਾਬ ਪਹੁੰਚ ਕੇ ਨਾਟਕਾਂ ਮੰਚਨ ਕਰਨ ਜਾ ਰਹੀ ਹੈ । ਸ਼੍ਰੀ ਮਹਿਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਸੰਚਾਲਿਤ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਸਾਲ 1999 ਵਿੱਚ ਸ਼ੁਰੂ ਕੀਤੇ ਭਾਰਤ ਰੰਗ ਮਹੋਤਸਵ ਦੇ 25 ਸਾਲ ਪੂਰੇ ਹੋਣ ’ਤੇ ਇਹ ਸਮਾਗਮ ਦਿੱਲੀ ਸਮੇਤ ਭਾਰਤ ਦੇ 11 ਸੂਬਿਆਂ ਦੇ 11 ਜ਼ਿਲਿ੍ਹਆਂ ਦੇ ਨਾਲ ਨਾਲ ਕੋਲੰਬੀਆ ਸ਼੍ਰੀਲੰਕਾ ਅਤੇ ਕਾਠਮਾਂਡੂ ਨੇਪਾਲ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲਗਭੱਗ 200 ਨਾਟਕ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਇੱਕ ਨਾਮ ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਵੀ ਸ਼ਾਮਲ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਿੱਚ 8 ਫਰਵਰੀ ਤੋਂ 12 ਫਰਵਰੀ ਤੱਕ ਬਲਵੰਤ ਸਿੰਘ ਗਾਰਗੀ ਆਡੀਟੋਰੀਅਮ ਹਾਲ ਵਿੱਚ ਰੋਜ਼ਾਨਾ ਸ਼ਾਮ ਸਾਢੇ 6 ਵਜੇ ਤੋਂ ਹੋਣ ਵਾਲੇ ਰੰਗਮੰਚ ਵਿੱਚ ਨਗਰ ਨਿਗਮ ਬਠਿੰਡਾ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਸਹਾਇਕ ਕਮਿਸ਼ਨਰ ਜਸਪਾਲ ਸਿੰਘ ਵੱਲੋਂ ਕਲਾਕਾਰਾਂ ਅਤੇ ਪ੍ਰਬੰਧਕਾਂ ਦੀ ਟੀਮ ਦੇ ਰਹਿਣ, ਭੋਜਨ ਅਤੇ ਆਵਾਜਾਈ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਦੇਸ਼ ਦੇ ਪ੍ਰਸਿੱਧ ਨਿਰਦੇਸ਼ਕਾਂ ਤੇ ਕਲਾਕਾਰਾਂ ਦੇ 5 ਨਾਟਕਾਂ ਦਾ ਮੰਚਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਦਰਸ਼ਕਾਂ ਲਈ ਮੁਫਤ ਦਾਖਲਾ ਰੱਖਿਆ ਗਿਆ ਹੈ। ਇਸ ਪ੍ਰੋਗ੍ਰਾਮ ਦਾ ਸ਼ੁਭ ਆਰੰਭ 8 ਫਰਵਰੀ ਦੀ ਸ਼ਾਮ 6 ਵਜੇ ਬਲਵੰਤ ਗਾਰਗੀ ਆਡੀਟੋਰੀਅਮ ਹਾਲ ਬਠਿੰਡਾ ਵਿੱਚ ਮੁੱਖ ਮਹਿਮਾਨ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁੰਬਈ, ਮਹਾਰਾਸ਼ਟਰ, ਬੰਗਾਲ, ਦਿੱਲੀ, ਅਸਮ ਦੀਆਂ ਨਾਟਕ ਟੀਮਾਂ ਨਾਟਕਾਂ ਦਾ ਮੰਚਨ ਕਰਨਗੀਆਂ । ਉਨ੍ਹਾਂ ਦੱਸਿਆ ਕਿ ਰੋਜ਼ਾਨਾ ਨਾਟਕਾਂ ਤੋਂ ਬਾਅਦ ਆਡੀਟੋਰੀਅਮ ਹਾਲ ਵਿੱਚ ਮੀਟ ਦਾ ਡਾਇਰੈਕਟਰ ਕਰਵਾਇਆ ਜਾਵੇਗਾ, ਜਿਸਦੇ ਤਹਿਤ ਦਰਸ਼ਕਾਂ ਨਾਲ ਨਿਰਦੇਸ਼ਕਾਂ ਤੇ ਕਲਾਕਾਰਾਂ ਦੀ ਗੱਲਬਾਤ ਕਰਵਾਈ ਜਾਵੇਗੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦਰਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਤਾਦਾਦ ਵਿੱਚ ਬਠਿੰਡਾ ਦੇ ਇਸ ਇਤਿਹਾਸਕ ਰੰਗਮੰਚ ਵਿੱਚ ਪਹੁੰਚ ਕੇ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਇਸ ਰੰਗਮੰਚ ਸਮਾਰੋਹ ਦੇ ਦਾਖਲੇ ਲਈ ਮੁਫ਼ਤ ਪਾਸ ਆਪਣੇ ਆਪਣੇ ਕੌਂਸਲਰਾਂ ਕੋਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ।