ਬਠਿੰਡਾ ਪੁਲਿਸ ਨੇ ਭਜਾ-ਭਜਾ ਕੇ ਕੁੱਟੇ ਮੁਰੱਬਾਬੰਦੀ ਦਾ ਵਿਰੋਧ ਕਰ ਰਹੇ ਕਿਸਾਨ
ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2025:ਬਠਿੰਡਾ ਜਿਲ੍ਹੇ ਦੇ ਪਿੰਡ ਜਿਉਂਦ ’ਚ ਪ੍ਰਸ਼ਾਸ਼ਨ ਵੱਲੋਂ ਕੀਤੀ ਜਾਣ ਵਾਲੀ ਮੁਰੱਬਾਬੰਦੀ ਅਤੇ ਨਿਸ਼ਾਨਦੇਹੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਖੇਤਾਂ ਵਿੱਚ ਭਜਾ ਭਜਾ ਕੇ ਕੁੱਟਿਆ। ਸਥਿਤੀ ਇਹ ਸੀ ਕਿ ਪੁਲਿਸ ਦੀਆਂ ਡਾਂਗਾਂ ਤੋਂ ਬਚਣ ਲਈ ਕਈਆਂ ਦੀਆਂ ਜੁੱਤੀਆਂ ਖੇਤਾਂ ਵਿੱਚ ਹੀ ਡਿੱਗ ਪਈਆਂ ਜਦੋਂਕਿ ਕੁੱਝ ਨੂੰ ਪੁਲਿਸ ਦੀ ਡਾਂਗ ਪਿੰਡੇ ਤੇ ਹੰਢਾਉਣੀ ਪਈ। ਇਹ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇੰਨ੍ਹਾਂ ਜਮੀਨਾਂ ਤੇ ਕਾਸ਼ਤ ਕਰਦੇ ਆ ਰਹੇ ਹਨ ਅਤੇ ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਮਾਲਿਕਾਨਾਂ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇੰਨ੍ਹਾਂ ਕਿਸਾਨਾਂ ਨੂੰ ਲਾਮਬੰਦ ਕੀਤਾ ਹੈ ਅਤੇ ਜੱਥੇਬੰਦੀ ਦੀ ਅਗਵਾਈ ਹੇਠ ਕਿਸਾਨ ਮੁਰੱਬਾਬੰਦੀ ਅਤੇ ਨਿਸ਼ਾਨਦੇਹੀ ਦਾ ਵਿਰੋਧ ਕਰ ਰਹੇ ਹਨ ਜਿਸ ਤਹਿਤ ਕਿਸਾਨਾਂ ਨੇ ਪਿੰਡ ’ਚ ਰੋਸ ਮਾਰਚ ਕਰਕੇ ਪ੍ਰਸ਼ਾਸ਼ਨ ਨੂੰ ਅਗਾਊਂ ਚਿਤਾਵਨੀ ਵੀ ਦਿੱਤੀ ਸੀ।
ਕਿਸਾਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਮੌੜ ਦਾ ਜਿਉਂਦ ਹੀ ਇੱਕ ਇਕਲੌਤਾ ਅਜਿਹਾ ਪਿੰਡ ਹੈ, ਜਿਸ ਦੀ ਅੱਜ ਤਕ ਮੁਰੱਬਾਬੰਦੀ ਨਹੀਂ ਹੋਈ, ਜਿਸ ਕਾਰਨ ਇਥੋਂ ਦੀ ਜ਼ਮੀਨ ਦਾ ਵਿਵਾਦ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਅੱਜ ਇਸ ਨਿਸ਼ਾਨਦੇਹੀ ਕਰਨ ਲਈ ਪ੍ਰਸ਼ਾਸ਼ਨ ਦੀਆਂ ਟੀਮਾਂ ਮੌਕੇ ਤੇ ਗਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਵਿਰੋਧ ਕਰਨ ਨੂੰ ਦੇਖਦਿਆਂ ਅੱਜ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਗਈ ਸੀ। ਜਦੋਂ ਟੀਮ ਨੇ ਨਕਸ਼ਾ ਬਨਾਉਣਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਪੁਲਿਸ ਗਿਣਤੀ ’ਚ ਘੱਟ ਕਿਸਾਨਾਂ ਨੂੰ ਟੁੱਟਕੇ ਪੈ ਗਈ ਅਤੇ ਭਜਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਭੱਜੇ ਜਾਂਦੇ ਕਿਸਾਨਾਂ ਦੇ ਡੰਡੇ ਮਾਰੇ ਅੰਤੇ ਅਪਸ਼ਬਦ ਵੀ ਬੋਲੇ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਕਿਸਾਨ ਹਮਾਇਤੀ ਅਖਵਾ ਰਹੀ ਹੈ ਅਤੇ ਦੂਜੇ ਪਾਸੇ ਹੱਕ ਮੰਗਦੇ ਕਿਸਾਨਾਂ ਨੂੰ ਕੁਟਵਾਇਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਨੇ ਕਿਸਾਨਾਂ ਦੀ ਟਰਾਲੀ ਨੂੰ ਜ਼ਬਤ ਕਰ ਲਿਆ, ਜਿਸ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਅਤੇ ਹੱਥੋਪਾਈ ਦੀ ਸਥਿਤੀ ਬਣ ਗਈ। ਅੰਤ ਨੂੰ ਕਿਸਾਨਾਂ ਦੇ ਵਧਦੇ ਵਿਰੋਧ ਦੇ ਸਾਹਮਣੇ, ਪੁਲਿਸਨੂੰ ਝੁਕਣਾ ਪਿਆ ਅਤੇ ਜ਼ਬਤ ਟਰਾਲੀਆਂ ਵਾਪਸ ਕਰਨੀਆਂ ਪਈਆਂ। ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸ਼ਨ ਪੱਖ ਜਾਨਣ ਲਈ ਸੰਪਰਕ ਕਰਨ ਤੇ ਡੀਐਸਪੀ ਫੂਲ ਨੇ ਪਹਿਲਾਂ 20 ਮਿੰਟ ਬਾਅਦ ਗੱਲ ਬਾਰੇ ਕਿਹਾ ਪਰ ਬਾਅਦ ’ਚ ਉਨ੍ਹਾਂ ਫੋਨ ਨਹੀਂ ਚੁੱਕਿਆ।
ਜਿਉਂਦ ਦੇ ਕਿਸਾਨਾਂ ਦਾ ਪੱਖ
ਪਿੰਡ ਦੇ ਕਿਸਾਨ ਆਗੂ ਗੁਲਾਬ ਸਿੰਘ ਜਿਉਂਦ ਦਾ ਕਹਿਣਾ ਲੰਘੀ 8 ਜਨਵਰੀ ਨੂੰ ਜ਼ਮੀਨਾਂ ਦੇ ਨਕਸ਼ੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਦੋਂਕਿ ਜੱਥੇਬੰਦੀ ਦੀ ਮੰਗ ਹੈ ਕਿ ਪਹਿਲਾਂ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਇੰਨ੍ਹਾਂ ਜਮੀਨਾਂ ਤੇ ਕਿਸਾਨਾਂ ਦਾ ਕਬਜ਼ਾ ਹੈ ਤੇ ਕਿਸਾਨ ਹੀ ਕਾਸ਼ਤਕਾਰ ਹਨ ਅਤੇ ਕਿਸਾਨਾਂ ਦੇ ਨਾਮ ਹੀ ਦੀ ਗਿਰਦਾਵਰੀ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਸਰਕਾਰ ਹੁਣ ਕਿਸਾਨਾਂ ਦੀਆਂ ਜਮੀਨਾਂ ਖੋਹਣਾ ਚਾਹੁੰਦੀ ਹੈ ਜਿਸ ਦਾ ਵਿਰੋਧ ਹੋ ਰਿਹਾ ਹੈ।
ਕਾਰਪੋਰੇਟਾਂ ਦਾ ਹਿੱਤ ਪੂਰਦੀ ਸਰਕਾਰ
ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਪਿੰਗ ਅਤੇ ਮੁਰੱਬਾ ਬੰਦੀ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ ਅਤੇ ਹੁਣ ਜ਼ਬਰਦਸਤੀ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਅ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਅਜਿਹੀ ਕਾਰਵਾਈ ਜਾਰੀ ਰੱਖੀ ਤਾਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਏਗਾ।