ਚੈਂਪੀਅਨਜ਼ ਟਰਾਫੀ: ਟੀਮ ਇੰਡੀਆ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, ਕਿੰਗ ਕੋਹਲੀ ਨੇ ਜੜਿਆ ਸੈਂਕੜਾ
ਨਵੀਂ ਦਿੱਲੀ, 23 ਫਰਵਰੀ 2025 - ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਆਪਣੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ 2017 ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਆਪਣੀ 180 ਦੌੜਾਂ ਦੀ ਹਾਰ ਦਾ ਬਦਲਾ ਲੈ ਲਿਆ। ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ਵਿੱਚ 241 ਦੌੜਾਂ ਬਣਾਈਆਂ। ਭਾਰਤ ਨੇ 42.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।
ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਸੀ, ਜਿਸਨੇ ਅਜੇਤੂ ਸੈਂਕੜਾ ਲਗਾਇਆ। ਕੋਹਲੀ ਨੇ ਖੁਸ਼ਦਿਲ ਸ਼ਾਹ ਦੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਨਾਲ ਹੀ ਭਾਰਤ ਨੂੰ ਜਿੱਤ ਵੀ ਦਿਵਾਈ।
ਭਾਰਤ ਲਈ ਵਿਰਾਟ ਕੋਹਲੀ ਨੇ ਅਜੇਤੂ 100 ਦੌੜਾਂ, ਸ਼੍ਰੇਅਸ ਅਈਅਰ ਨੇ 56 ਅਤੇ ਸ਼ੁਭਮਨ ਗਿੱਲ ਨੇ 46 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 3 ਅਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਲਈ ਸਾਊਦ ਸ਼ਕੀਲ ਨੇ 62 ਅਤੇ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਬਣਾਈਆਂ। ਅਬਰਾਰ ਅਹਿਮਦ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ 1-1 ਵਿਕਟ ਲਈ।
ਵਿਰਾਟ 158 ਕੈਚਾਂ ਨਾਲ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲਾ ਭਾਰਤੀ ਬਣ ਗਿਆ। ਉਸਨੇ ਪਾਰੀ ਵਿੱਚ 15ਵੀਂ ਦੌੜ ਬਣਾਉਂਦੇ ਹੀ ਸਭ ਤੋਂ ਤੇਜ਼ 14,000 ਇੱਕ ਰੋਜ਼ਾ ਦੌੜਾਂ ਵੀ ਪੂਰੀਆਂ ਕਰ ਲਈਆਂ। ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤੀਜੇ ਸਭ ਤੋਂ ਵੱਧ ਸਕੋਰਰ ਵੀ ਬਣ ਗਏ। ਉਸਨੇ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ, ਜਿਸਦੇ ਨਾਮ 27,483 ਦੌੜਾਂ ਹਨ।