ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 21 ਫਰਵਰੀ 2025 - ਇਸ ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜ਼ਿ. ਦੇ ਸੱਦੇ ਤੇ ਆਸਰਾ ਵੈਲਫ਼ੇਅਰ ਸੋਸਾਇਟੀ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਅੱਜ ਢੋਲ ਦੇ ਡੱਗੇ ਨਾਲ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ। ਇਹ ਮਾਰਚ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋ ਕੇ ਤਲਵੰਡੀ ਪੁਲ ਚੌਕ ਤੱਕ ਪਹੁੰਚਿਆ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕੀਤਾ ।
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨ ਕੁਲਵਿੰਦਰ ਕੌਰ ਕੰਵਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਂ ਬੋਲੀ ਪੰਜਾਬੀ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਹੰਭਲਾ ਮਾਰਨਾ ਪਵੇਗਾ ।ਕੰਵਲ ਨੇ ਕਿਹਾ ਕਿ ਇਸ ਚੇਤਨਾ ਮਾਰਚ ਦਾ ਮਕਸਦ ਉੱਚ ਸਿੱਖਿਆ ਤੱਕ ਪੜ੍ਹਾਈ ਦਾ ਮਾਧਿਅਮ ਪੰਜਾਬੀ ਨੂੰ ਬਣਾਉਣ, ਭਾਸ਼ਾ ਬਿੱਲ ਵਿੱਚ ਸੋਧ ਕਰਨ, ਪੰਜਾਬ ਅੰਦਰ ਪੁਸਤਕਾਲਾ ਕਨੂੰਨ ਬਣਾਉਣ, ਪੰਜਾਬੀ ਟ੍ਰਿਬਿਊਨਲ ਬਣਾਉਣ , ਸਰਕਾਰੀ ਅਤੇ ਨਿੱਜੀ ਅਦਾਰਿਆਂ ਅੰਦਰ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਯਕੀਨੀ ਬਣਾਉਣ,ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦੇ ਬੋਰਡ, ਘਰਾਂ ਦਫ਼ਤਰਾਂ ਦੀਆਂ ਤਖ਼ਤੀਆਂ ਆਦਿ ਪੰਜਾਬੀ ਵਿੱਚ ਲਿਖਵਾਉਣ ਆਦਿ ਮੰਗਾਂ ਨੂੰ ਸਰਕਾਰ ਵੱਲੋਂ ਲਾਗੂ ਕਰਵਾਉਣਾ ਹੈ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜ ਕੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ ।
ਇਸ ਮਾਰਚ ਨੂੰ ਸੰਬੋਧਨ ਕਰਨ ਲਈ ਸੁਲਤਾਲਪੁਰ ਲੋਧੀ ਦੇ ਡੀ ਐੱਸ ਪੀ ਗੁਰਮੀਤ ਸਿੰਘ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਨਿਰੋਲ ਮਾਂ ਬੋਲੀ ਵਿੱਚ ਹੋਣੀ ਚਾਹੀਦੀ ਹੈ । ਡਾਕਟਰ ਗੁਰਪ੍ਰੀਤ ਸਿੰਘ ਰਾਣਾ ਜੱਜ, ਖ਼ਜ਼ਾਨਚੀ ਆਸਰਾ ਵੈੱਲਫੇਅਰ ਸੋਸਾਇਟੀ ਨੇ ਕਿਹਾ ਕਿ ਆਮ ਜਨਤਾ ਨੂੰ ਮਾਂ ਬੋਲੀ ਪ੍ਰਤੀ ਜਾਗਰੂਕ ਕਰਨ ਲਈ ਉਹ ਆਪਣੀ ਸੰਸਥਾ ਵੱਲੋਂ ਅਜਿਹੇ ਮਾਰਚ ਕਰਵਾਉਂਦੇ ਰਹਿਣਗੇ ।
ਇਸ ਮੌਕੇ ਸਾਹਿਤ ਸਭਾ ਦੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਰੱਬੀ ਤੇ ਕੁਦਰਤੀ ਦਾਤ ‘ਮਾਂ-ਬੋਲੀ ਹੈ ਜਿਸ ਦੇ ਸ਼ੀਸ਼ੇ ’ਚੋਂ ਪੈਂਦੇ ਨੇ ਵਿਰਸੇ ਦੇ ਝਲਕਾਰੇ ਪੈਂਦੇ ਹਨ ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਇੱਕ ਅਜਿਹੀ ਬੋਲੀ ਹੈ, ਜਿਸਨੂੰ ਜਿੰਨਾ ਵੀ ਸੁਣੀਏ, ਵਿਚਾਰੀਏ, ਦਿਲ ਨੂੰ ਸਕੂਨ ਮਿਲਦਾ ਹੈ।
ਇਸ ਮਾਰਚ ਵਿੱਚ ਗੁਰਕੀਰਤ ਸਿੰਘ ਜੱਜ, ਬਿਕਰਮਜੀਤ ਸਿੰਘ ਬਾਜਵਾ, ਮਾਸਟਰ ਸੁਰਜੀਤ ਸਿੰਘ ਟਿੱਬਾ , ਸਾਹਿਤ ਸਭਾ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ, ਪ੍ਰਧਾਨ ਸਵਰਨ ਸਿੰਘ, ਮਾਸਟਰ ਜਗਜੀਤ ਸਿੰਘ, ਪ੍ਰਿੰ ਮੋਹਣ ਸਿੰਘ, ਦਿਆਲ ਸਿੰਘ ਦੀਪੇਵਾਲ, ਸੰਦੀਪ ਸਿੰਘ ਸ਼ੇਖਮਾਂਗਾ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਬੱਗਾ ਭੁਪਿੰਦਰ ਸਿੰਘ ਭਿੰਦਾ, ਬਿੱਕਰ ਸਿੰਘ ਸਿੱਧੂਪੁਰ, ਕਮਲਜੀਤ ਸਿੰਘ ASI ਆਦਿ ਸ਼ਾਮਿਲ ਹੋਏ ।