ਪੰਜਾਬੀ ਯੂਨੀਵਰਸਿਟੀ ਵਿਖੇ ਮਾਤ-ਭਾਸ਼ਾ ਦਿਵਸ ਮੌਕੇ 'ਗਿਆਨੀ ਲਾਲ ਸਿੰਘ ਭਾਸ਼ਣ' ਕਰਵਾਇਆ
ਪਟਿਆਲਾ, 21 ਫ਼ਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਮਾਤ-ਭਾਸ਼ਾ ਦਿਵਸ ਮੌਕੇ 'ਗਿਆਨੀ ਲਾਲ ਸਿੰਘ ਭਾਸ਼ਣ ਲੜੀ' ਤਹਿਤ ਪ੍ਰੋ. ਪਰਮਜੀਤ ਸਿੰਘ ਢੀਂਗਰਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪ੍ਰੋ. ਪਰਮਜੀਤ ਸਿੰਘ ਢੀਂਗਰਾ, ਸਾਬਕਾ ਡਾਇਰੈਕਟਰ, ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਨੇ ‘ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਅਤੇ ਮਸ਼ੀਨੀ ਬੁੱਧੀਮਾਨਤਾ’ ਵਿਸ਼ੇ ਉੱਤੇ ਦਿੱਤੇ ਆਪਣੇ ਭਾਸ਼ਣ ਵਿੱਚ ਗਿਆਨੀ ਲਾਲ ਸਿੰਘ ਜੀ ਦੇ ਜੀਵਨ, ਪ੍ਰਾਪਤੀਆਂ, ਸ਼ਖ਼ਸੀਅਤ ਅਤੇ ਵਿਚਾਰਾਂ ਦੀ ਗੱਲ ਕਰਦਿਆਂ ਗਿਆਨੀ ਜੀ ਦੇ ‘ਪੰਜਾਬੀ’ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਗਿਆਨੀ ਲਾਲ ਸਿੰਘ ਜੀ ਦੀ ਸਵੈ-ਜੀਵਨੀ ਬਾਰੇ ਚਰਚਾ ਕਰਦਿਆਂ ਪੰਜਾਬੀ ਭਾਸ਼ਾ ਦੀ ਤ੍ਰਾਸਦੀ ਬਾਰੇ ਸਪਸ਼ਟ ਕੀਤਾ ਕਿ ਕਿਵੇਂ ਗੁਆਂਢੀ ਸੂਬਿਆਂ ’ਚੋਂ ਪੰਜਾਬੀ ਨੂੰ ਮਨਫ਼ੀ ਕੀਤਾ ਜਾਂਦਾ ਰਿਹਾ।
ਉਹਨਾਂ ਪੰਜਾਬੀ ਭਾਸ਼ਾ ਨੂੰ ਲਗਪਗ 5500 ਸਾਲ ਪੁਰਾਣੀ ਭਾਸ਼ਾ ਦੱਸਿਆ ਕਿਉਂਕਿ ਰਿਗਵੇਦ ਵਿੱਚ ਵੀ ਪੰਜਾਬੀ ਭਾਸ਼ਾ ਦੇ ਅੰਸ਼ ਮੌਜੂਦ ਹਨ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਗਪਗ 64 ਭਾਸ਼ਾਵਾਂ ਦਾ ਸਮਾਵੇਸ਼ ਸਾਨੂੰ ਇਸ ਗ੍ਰੰਥ ਵਿੱਚ ਮਿਲਦਾ ਹੈ। ਉਹਨਾਂ ਅੰਗਰੇਜ਼ਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਲਾਏ ਖੋਰੇ ਦੀ ਵੀ ਗੱਲ ਕੀਤੀ। ਉਹਨਾਂ ਮੈਕਾਲੇ ਦਾ ਹਵਾਲਾ ਦਿੰਦਿਆਂ ਪੰਜਾਬੀ ਭਾਸ਼ਾ ਲਈ ਅੰਗਰੇਜ਼ਾਂ ਦੇ ਸਮੇਂ ਤੋਂ ਕੀਤੇ ਜਾਂਦੇ ਵਿਤਕਰੇ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ 1967 ਵਿੱਚ ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਐਕਟ ਮਿਲਿਆ, ਜੋ ਕਿ ਗਿਆਨੀ ਲਾਲ ਸਿੰਘ ਜੀ ਵਰਗਿਆਂ ਪੰਜਾਬੀ ਹਿਤੈਸ਼ੀਆਂ ਦੀ ਮਿਹਨਤ ਦਾ ਨਤੀਜਾ ਸੀ। ਸਭ ਤੋਂ ਪਹਿਲਾਂ ਪੰਜਾਬ ਦੇ ਪੈਪਸੂ ਰਾਜ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਲਾਗੂ ਕੀਤਾ ਗਿਆ। ਉਹਨਾਂ ਦੱਸਿਆ ਕਿ ਆਰਟੀਫ਼ੀਸ਼ਲ ਇੰਟੈਲੀਜੈਂਸੀ ਦਾ ਪੰਜਾਬੀ ’ਤੇ ਬਹੁਤ ਤੀਬਰ ਪ੍ਰਭਾਵ ਪੈ ਰਿਹਾ ਹੈ, ਜਿਸ ਤੋਂ ਸਾਨੂੰ ਸੁਚੇਤ ਰਹਿਣਾ ਪਵੇਗਾ ਕਿਉਂਕਿ ਪੰਜਾਬੀ ਭਾਸ਼ਾ ਇਸ ਨਵੀਂ ਤਕਨੀਕ ਦੇ ਸਮਰੱਥ ਵੀ ਬਣਾਈ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇੱਥੇ ਸ਼ਾਮਲ ਅਧਿਆਪਨ ਫ਼ੈਕਲਟੀ, ਗ਼ੈਰ—ਅਧਿਆਪਨ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ ਮੁਬਾਰਕਬਾਦ ਦਿੱਤੀ ਕਿ ਮਾਂ—ਬੋਲੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਉਹਨਾਂ ਦੀ ਸ਼ਮੂਲੀਅਤ ਮਾਂ-ਬੋਲੀ ਦੇ ਸੁਨਹਿਰੇ ਭਵਿਖ ਦੀ ਨੀਂਹ ਹੋਵੇਗੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਸੁਰਿੰਦਰ ਪਾਲ ਸਿੰਘ ਮੰਡ, ਫ਼ੈਲੋ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਸਰੋਤਿਆਂ ਨੂੰ ਮਾਂ-ਬੋਲੀ ਪੰਜਾਬੀ ਲਈ ਡੂੰਘਾ ਚਿੰਤਨ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਬੋਲੀ ਸਾਡੀ ਪਹਿਚਾਣ ਹੁੰਦੀ ਹੈ, ਜਿਸ ਕਾਰਨ ਸਾਨੂੰ ਇਸ ਦੇ ਗੌਰਵ ਨੂੰ ਹਮੇਸ਼ਾ ਮਾਣ ਦੇਣਾ ਚਾਹੀਦਾ ਹੈ। ਉਹਨਾਂ ਸਕੂਲੀ ਪੱਧਰ ’ਤੇ ਮਾਂ—ਬੋਲੀ ਪੰਜਾਬੀ ਦੇ ਘਾਣ ਬਾਰੇ ਸਾਨੂੰ ਸਭ ਨੂੰ ਸੁਚੇਤ ਹੋਣ ਲਈ ਆਖਿਆ।
ਇਸ ਸਮਾਗਮ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਡਾ. ਮੋਹਨ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਨਾਲ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਚਾਨਣਾ ਪਾਇਆ। ਉਹਨਾਂ ਜ਼ਮੀਨੀ ਪੱਧਰ ’ਤੇ ਮਾਂ-ਬੋਲੀ ਨੂੰ ਬਚਾਉਣ ਅਤੇ ਇਸ ਦੇ ਸੁਨਹਿਰੀ ਭਵਿਖ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਪਹੁੰਚੇ ਗਿਆਨੀ ਲਾਲ ਸਿੰਘ ਦੇ ਸਪੁੱਤਰ ਇੰਜੀਨੀਅਰ ਨਰਿੰਦਰ ਸਿੰਘ ਬਰਾੜ, ਚੇਅਰਮੈਨ, ਪੈਗਰੋ ਇੰਡਸਟਰੀਜ਼, ਪੰਜਾਬ ਨੇ ਇਸ ਮੌਕੇ ਬੋਲਦਿਆਂ ਉਨ੍ਹਾਂ ਦੇ ਵਿਅਕਤੀਤਵ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਗਿਆਨੀ ਜੀ ਵੱਲੋਂ ਨਿੱਜੀ ਤੌਰ ’ਤੇ ਮਾਂ-ਬੋਲੀ ਪੰਜਾਬੀ ਲਈ ਜੋ ਉਪਰਾਲੇ ਕੀਤੇ ਗਏ, ਅਜਿਹੀ ਭੂਮਿਕਾ ਸ਼ਲਾਘਾਯੋਗ ਹੁੰਦੀ ਹੈ।
ਸਮਾਗਮ ਦੇ ਅੰਤ ਵਿੱਚ ਡਾ. ਗੁਰਿੰਦਰਦੀਪ ਸਿੰਘ ਅਸਿਸਟੈਂਟ ਪ੍ਰੋਫ਼ੈਸਰ, ਔਸ਼ਧੀ ਵਿਗਿਆਨ ਅਤੇ ਦਵਾ ਖੋਜ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੀ ਸਮਾਪਤੀ ਉਪਰੰਤ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵੱਖ—ਵੱਖ ਵਿਭਾਗਾਂ ਦੇ ਪੰਜਾਬੀ ਪ੍ਰਤਿਨਿਧਾਂ ਦੇ ਸਹਿਯੋਗ ਨਾਲ ਕਲਾ ਭਵਨ ਦੇ ਸਾਮ੍ਹਣੇ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਪੋਸਟਰ ਬਣਾ ਕੇ ਆਪਣੇ—ਆਪਣੇ ਵਿਭਾਗ ਦੇ ਮੂਲ ਵਿਸ਼ੇ ਨੂੰ ਮਾਂ—ਬੋਲੀ ਨਾਲ ਜੋੜ ਕੇ ਕੀਤੇ ਕਾਰਜਾਂ ਦੀ ਚਿੱਤਰਕਲਾ ਰਾਹੀਂ ਜਾਣਕਾਰੀ ਦਿੱਤੀ ਗਈ।
ਇਸ ਉਪਰੰਤ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਨਾਟਕ ‘ਮਾਂ ਨਾ ਬੇਗ਼ਾਨੀ ਹੋ’ ਦਾ ਮੰਚਨ ਸ਼ਾਰਲਟ ਔਜਲਾ ਆਡੀਟੋਰੀਅਮ, ਕਲਾ ਭਵਨ ਵਿਖੇ ਕੀਤਾ ਗਿਆ। ਇਸ ਨਾਟਕ ਦਾ ਲੇਖਨ ਸ੍ਰੀ ਸੁਰਿੰਦਰ ਬਾਠ ਅਤੇ ਨਿਰਦੇਸ਼ਨ ਸ੍ਰੀ ਰਾਜੇਸ਼ ਸ਼ਰਮਾ ਵੱਲੋਂ ਕੀਤਾ ਗਿਆ। ਨਾਟਕ ਦੇ ਸਵਾਗਤੀ ਸ਼ਬਦ ਬੋਲਦਿਆਂ ਡਾ. ਪਰਮੀਤ ਕੌਰ, ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਨੇ ਆਖਿਆ ਕਿ ਇਸ ਨਾਟਕ ਰਾਹੀਂ ਅਸੀਂ ਆਪਣੀ ਮਾਂ-ਬੋਲੀ ਦੀ ਅਜੋਕੀ ਸਥਿਤੀ ਬਾਰੇ ਜਾਣੂ ਹੋਵਾਂਗੇ। ਉਹਨਾਂ ਹਾਲ ਵਿੱਚ ਸ਼ਾਮਲ ਸਰੋਤਿਆਂ ਨੂੰ ਇਸ ਨਾਟਕ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। ਇਸ ਨਾਟਕ ਦੇ ਮੰਚਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ। ਸਵਰਾਜ ਸਿੰਘ (ਵਿਸ਼ਵ ਚਿੰਤਕ ਤੇ ਲੇਖਕ) ਨੇ ਸਰੋਤਿਆਂ ਨੂੰ ਮਾਂ—ਬੋਲੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਆਪਣੇ ਵਿਚਾਰਾਂ ਦੀ ਸਾਂਝ ਪਾਈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ (ਸੂਬਾ ਸਕੱਤਰ, ਸੀ।ਪੀ।ਆਈ।ਐਮ।, ਪੰਜਾਬ) ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਵਿਭਾਗ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।